ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ’ਚ ‘ਜਾਗ੍ਰਿਤੀ’ ਦੀ ਜੋਤ ਵਿੱਚ ਨਿਰੰਕਾਰੀ ਸੰਤ ਸਮਾਗਮ ਤਿਆਰੀਆਂ ਅੰਤਿਮ ਪੜਾਅ ਵਿੱਚ
Publish Date: Sun, 18 Oct 2026 04:40 PM (IST)
Updated Date: Mon, 19 Oct 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ : ਭਾਈ ਲਖਵਿੰਦਰ ਸਿੰਘ ਮੁਖੀ ਬ੍ਰਾਂਚ ਬਟਾਲਾ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 23 ਤੋਂ 26 ਅਕਤੂਬਰ, 2026 ਤੱਕ ਸੰਤ ਨਿਰੰਕਾਰੀ ਅਧਿਆਤਮਿਕ ਸਥਲ, ਸਮਾਲਖਾ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਇਸ ਪਾਵਨ ਮੌਕੇ ’ਤੇ ਇਕੱਠੇ ਹੋ ਕੇ ਸਤਿਸੰਗ, ਸੇਵਾ, ਪ੍ਰੇਮ ਅਤੇ ਭਗਤੀ ਦੇ ਇਸ ਦਿਵਯ ਮਿਲਾਪ ਵਿੱਚ ਸ਼ਾਮਲ ਹੋਣਗੇ। ਸ਼ਰਧਾਲੂਆਂ ਦੀ ਵਧਦੀ ਸ਼ਮੂਲੀਅਤ ਦੇ ਨਾਲ ਸਮਾਗਮ ਸਥਲ ਦੀਆਂ ਤਿਆਰੀਆਂ ਹੁਣ ਅੰਤਿਮ ਪੜਾਅ ’ਤੇ ਪਹੁੰਚ ਚੁੱਕੀਆਂ ਹਨ। ਸੰਤਾਂ ਦੀ ਨਿਸ਼ਕਾਮ ਸੇਵਾ, ਮਿਹਨਤ ਅਤੇ ਸਮਰਪਣ ਸਦਕਾ ਆਮ ਜਿਹਾ ਦਿਖਾਈ ਦੇਣ ਵਾਲਾ ਮੈਦਾਨ ਅੱਜ ਇੱਕ ਦਿਵਯ ਅਧਿਆਤਮਿਕ ਨਗਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਵਿਸ਼ਾਲ ਪੰਡਾਲਾਂ ਵਿੱਚ ਸ਼ਰਧਾਲੂਆਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਆਧੁਨਿਕ ਤਕਨੀਕ ਨਾਲ ਲੈਸ ਐੱਲਈਡੀ ਸਕ੍ਰੀਨਾਂ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਪੂਰੇ ਪਰਿਸਰ ਦੇ ਹਰ ਕੋਨੇ ਵਿੱਚ ਬੈਠੇ ਸ਼ਰਧਾਲੂ ਪ੍ਰੇਰਨਾਦਾਇਕ ਪ੍ਰਵਚਨਾਂ, ਭਾਵਪੂਰਨ ਭਜਨਾਂ ਅਤੇ ਅਧਿਆਤਮਿਕ ਵਿਚਾਰਾਂ ਨੂੰ ਆਸਾਨੀ ਨਾਲ ਦੇਖ ਅਤੇ ਸੁਣ ਸਕਣ ਅਤੇ ਸਤਿਸੰਗ ਦੀ ਭਾਵਧਾਰਾ ਨਾਲ ਇਕਮਿਕ ਹੋ ਸਕਣ।ਉਨ੍ਹਾਂ ਦੱਸਿਆ ਕਿ ਇਹ ਸੰਤ ਸਮਾਗਮ ਕੇਵਲ ਇੱਕ ਸਾਲਾਨਾ ਆਯੋਜਨ ਨਹੀਂ, ਸਗੋਂ ਬ੍ਰਹਮਗਿਆਨ, ਭਗਤੀ, ਸਮਰਪਣ ਅਤੇ ਆਤਮਿਕ ਜਾਗ੍ਰਿਤੀ ਦਾ ਪਾਵਨ ਸੰਗਮ ਹੈ। ਇੱਥੇ ਸ਼ਰਧਾਲੂ ਆਪਣੀ ਅੰਤਰ-ਚੇਤਨਾ ਨੂੰ ਜਾਗ੍ਰਿਤ ਕਰਨ, ਪਰਮਾਤਮਾ ਨਾਲ ਆਪਣੇ ਸਬੰਧ ਨੂੰ ਅਨੁਭਵ ਕਰਨ ਅਤੇ ਵਿਸ਼ਵ-ਭਾਈਚਾਰੇ, ਸਦਭਾਵਨਾ ਤੇ ਨਿਸ਼ਕਾਮ ਸੇਵਾ ਵਰਗੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਪ੍ਰਾਪਤ ਕਰਦੇ ਹਨ। ਸਮਾਗਮ ਦੀ ਸ਼ਾਨ ਵਿੱਚ ਸ਼ਰਧਾਲੂ ਭਗਤਾਂ ਵੱਲੋਂ ਤਿਆਰ ਕੀਤਾ ਗਿਆ ਮੁੱਖ ਸਵਾਗਤੀ ਦੁਆਰ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਆਪਣੀ ਵਿਲੱਖਣ ਕਲਾਤਮਕਤਾ ਅਤੇ ਸ਼ਾਨਦਾਰ ਰੂਪ ਨਾਲ ਇਹ ਦੁਆਰ ਸਮਾਗਮ ਦੀ ਅਧਿਆਤਮਿਕ ਗਰਿਮਾ ਨੂੰ ਦਰਸਾਉਂਦਾ ਹੈ।