- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਾਨੌਰ ਹਾਈਵੇਅ ਦੇ ਕਿਨਾਰੇ ਲਗਾਏ ਖੋਖਿਆਂ ਨੂੰ ਹਟਾਉਣ ਲਈ ਐੱਨਐੱਚਆਈ ਨੇ ਚਿਪਕਾਏ ਨੋਟਿਸ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਇਤਿਹਾਸਕ ਕਸਬੇ ਤੋਂ ਗੁਜ਼ਰਦੇ ਨੈਸ਼ਨਲ ਹਾਈਵੇਅ 354 ਗੁਰਦਾਸਪੁਰ ਡੇਰਾ ਬਾਬਾ ਨਾਨਕ, ਰਮਦਾਸ ਅਤੇ ਕਸਬਾ ਕਲਾਨੌਰ ਵਿਖੇ ਹਾਈਵੇ ਕੰਢੇ ਲੱਗੇ ਖੋਖਿਆਂ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਨੋਟਿਸ ਲਗਾ ਕੇ ਸੱਤ ਦਿਨਾਂ ਵਿੱਚ ਖੋਖੇ ਚੁੱਕਣ ਦੇ ਆਦੇਸ਼ ਜਾਰੀ ਕੀਤੇ ਹਨ। ਨੈਸ਼ਨਲ ਹਾਈਵੇ ਵੱਲੋਂ ਖੋਖਿਆਂ ਤੇ ਚਿਪਕਾਏ ਗਏ ਨੋਟਿਸਾਂ ਵਿੱਚ ਲਿਖਿਆ ਗਿਆ ਹੈ ਕਿ ਪ੍ਰੋਜੈਕਟ ਹਾਈਵੇ ਦੇ ਨਿਰੀਖਣ ਦੌਰਾਨ ਇਹ ਦੇਖਿਆ ਗਿਆ ਹੈ ਕਿ ਤੁਸੀਂ ਰਾਸ਼ਟਰੀ ਰਾਜਮਾਰਗ ਦੇ ਅੰਦਰ ਅਣਅਧਿਕਾਰਤ ਢਾਂਚਿਆਂ ਦਾ ਨਿਰਮਾਣ ਕਰਕੇ ਐੱਨਐੱਚ-354 ਦੇ ਸੱਜੇ ਰਸਤੇ 'ਤੇ ਕਾਨੂੰਨੀ ਤੌਰ 'ਤੇ ਕਬਜ਼ਾ ਕੀਤਾ ਹੈ ਅਤੇ ਤੁਹਾਨੂੰ ਇਹ ਪੱਤਰ ਪ੍ਰਾਪਤ ਹੋਣ ਦੀ ਮਿਤੀ ਤੋਂ 07 (ਸੱਤ) ਦਿਨਾਂ ਦੇ ਅੰਦਰ ਉਪਰੋਕਤ ਗੈਰ-ਕਾਨੂੰਨੀ ਕਬਜ਼ੇ ਨੂੰ ਹਟਾਉਣ ਅਤੇ ਹਾਈਵੇਅ ਜ਼ਮੀਨ ਨੂੰ ਇਸ ਦੀ ਅਸਲ ਸਥਿਤੀ ਵਿੱਚ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਨਿਰਧਾਰਤ ਵਿਅਕਤੀ ਦੇ ਅੰਦਰ ਕਬਜ਼ਾ ਨਹੀਂ ਹਟਾਇਆ ਜਾਂਦਾ ਹੈ, ਕਬਜ਼ੇ ਨੂੰ ਹਟਾਉਣ ਲਈ ਸਮਰੱਥ ਅਥਾਰਟੀ ਨੂੰ ਭੇਜਿਆ ਜਾਵੇਗਾ, ਬਿਨਾਂ ਕਿਸੇ ਹੋਰ ਲਾਗਤ ਦੇ ਅਤੇ ਲਾਗੂ ਕਾਨੂੰਨਾਂ ਅਨੁਸਾਰ ਕੋਈ ਹੋਰ ਕਾਰਵਾਈ ਤੁਹਾਡੇ ਤੇ ਲਾਗੂ ਹੋਵੇਗੀ।
ਇਸ ਮੌਕੇ ਖੋਖਾ ਮਾਲਕਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਲਾਨੌਰ-ਬਟਾਲਾ ਮਾਰਗ ਤੇ ਖੋਖੇ ਲਗਾ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਸਨ ਪਰੰਤੂ ਪਿਛਲੇ ਸਮੇਂ ਉਹਨਾਂ ਦੇ ਖੋਖਿਆਂ ਨੂੰ ਢਹਿ ਢੇਰੀ ਕਰਨ ਤੋਂ ਬਾਅਦ ਉਹਨਾਂ ਦੀ ਰੋਜ਼ੀ ਰੋਟੀ ਲਈ ਇੱਥੇ ਖੋਖੇ ਲਗਾਏ ਗਏ ਹਨ ਤੇ ਉਹਨਾਂ ਵੱਲੋਂ ਪ੍ਰਤੀ ਦਿਹਾੜੀ ਖੋਖਾ ਲਾਉਣ ਦੇ ਪੈਸੇ ਜਮਾ ਕਰਵਾਏ ਜਾਂਦੇ ਹਨ।
ਇਸ ਸਬੰਧੀ ਕਾਂਗਰਸੀ ਆਗੂ ਰਾਜੇਸ਼ ਕੁਮਾਰ ਟੋਨੀ ਸੱਚਰ ਨੇ ਦੱਸਿਆ ਕਿ ਪਿਛਲੇ ਦਿਨੀਂ ਵੀ ਕਲਾਨੌਰ-ਬਟਾਲਾ ਮਾਰਗ ਤੇ ਲੱਗੇ ਖੋਖਿਆਂ ਨੂੰ ਢਾਹ ਕੇ ਗਰੀਬਾਂ ਦਾ ਵੱਡਾ ਉਜਾੜਾ ਕੀਤਾ ਗਿਆ ਸੀ ਜਦਕਿ ਹੁਣ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਾਈਵੇ ਤੇ ਨਜਾਇਜ਼ ਤੌਰ ਤੇ ਲਗਾਏ ਗਏ ਖੋਖਿਆਂ ਨੂੰ ਹਟਾਉਣ ਲਈ ਨੋਟਿਸ ਲਗਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਨਾਂ ਖੋਖਾ ਮਾਲਕਾ ਕੋਲੋਂ ਪੈਸੇ ਵੀ ਵਸੂਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਲਾਨੌਰ-ਬਟਾਲਾ ਮਾਰਗ ਤੇ ਨਾਜਾਇਜ਼ ਕਬਜ਼ੇ ਹਟਾਉਣ ਤੋਂ ਬਾਅਦ ਇਸ ਸਮੇਂ ਸੜਕ ਵਿੱਚ ਬੇ-ਤਰਤੀਬਾ ਬੈਰੀਅਰ ਲਗਾਉਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਪਹਿਲਾਂ ਵਾਂਗ ਹੀ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।