ਪਿੰਡ ਰਣਸੀਕਾ ਤੱਲਾ ਵਿਖੇ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ, 95 ਲੱਖ ਰੁਪਏ ਦੀ ਲਾਗਤ ਨਾਲ ਹਰ ਘਰ ਨੂੰ ਮਿਲੇਗਾ ਸ਼ੁੱਧ ਪਾਣੀ ਪਿੰਡ ਰਣਸੀਕਾ ਤੱਲਾ ਵਿਖੇ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ,
Publish Date: Sat, 28 Nov 2026 04:39 PM (IST)
Updated Date: Sat, 28 Nov 2026 04:41 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਰਣਸੀਕਾ ਤੱਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਹਿਕਮਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਣਾਈ ਗਈ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਅਰਜਿੰਦਰ ਕੁਮਾਰ ਸਚਦੇਵਾ ਅਤੇ ਐੱਸਡੀਓ ਹਰਜੀਤ ਸਿੰਘ ਤੋਂ ਇਲਾਵਾ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਅਤੇ ਇਲਾਕੇ ਦੇ ਸਰਪੰਚ ਪੰਚ ਵੀ ਮੌਜੂਦ ਸਨ। ਸੈਨੀਟੇਸ਼ਨ ਵਿਭਾਗ ਵੱਲੋਂ ਤਿਆਰ ਕੀਤੀ ਗਈ ਵਾਟਰ ਸਪਲਾਈ ਟੈਂਕੀ ਦਾ ਉਦਘਾਟਨ ਕਰਨ ਉਪਰੰਤ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਅਧੀਨ ਇੱਕ ਲੱਖ ਲੀਟਰ ਦੀ ਪਾਣੀ ਵਾਲੀ ਟੈਂਕੀ, 17.5 ਹਾਰਸ ਪਾਵਰ ਦੀ ਮਸ਼ੀਨਰੀ, ਲਗਭਗ 5.5 ਕਿਲੋਮੀਟਰ ਪਾਈਪ ਲਾਈਨ, ਪਿੰਡ ਦੇ ਹਰੇਕ ਘਰ ਨੂੰ ਪਾਣੀ ਦਾ ਕੁਨੈਕਸ਼ਨ ਅਤੇ 10.45 ਕਿਲੋਵਾਟ ਸੋਲਰ ਪੈਨਲ ਲਗਾਉਣ ਤੇ ਪੰਜਾਬ ਸਰਕਾਰ ਵੱਲੋਂ ਲਗਭਗ 95 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਚਾਲੂ ਹੋਣ ਨਾਲ ਜਿੱਥੇ ਪਿੰਡ ਦੇ ਹਰੇਕ ਘਰ ਨੂੰ ਪੀਣ ਯੋਗ ਸਾਫ਼ ਅਤੇ ਸ਼ੁੱਧ ਪਾਣੀ ਮਿਲੇਗਾ, ਉੱਥੇ ਹੀ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਮੁਕਤੀ ਮਿਲੇਗੀ। ਉਨ੍ਹਾਂ ਵੱਲੋਂ ਇਸ ਉਪਰਾਲੇ ਲਈ ਜਿੱਥੇ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਪਿੰਡ ਵਾਸੀਆਂ ਨੂੰ ਪਾਣੀ ਦੀ ਸਹੀ ਵਰਤੋਂ ਅਤੇ ਸਾਂਭ-ਸੰਭਾਲ ਲਈ ਵੀ ਵਚਨਬੱਧ ਕੀਤਾ ਗਿਆ। ਇਸ ਮੌਕੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਇੰਜੀ. ਰਜਿੰਦਰ ਕੁਮਾਰ ਸਚਦੇਵਾ, ਐੱਸਡੀਓ ਇੰਜੀ. ਹਰਜੀਤ ਸਿੰਘ, ਇੰਜੀ. ਅਰੁਣ ਨਈਅਰ, ਜੇਈ ਧਰੁਵ ਹਾਂਡਾ ਆਦਿ ਹਾਜ਼ਰ ਸਨ।