ਨੈਸ਼ਨਲ ਸਕੂਲ ਖੇਡਾਂ ਸਿਰ ’ਤੇ, ਹਾਲੇ ਤੱਕ ਜਾਰੀ ਨਹੀਂ ਹੋਇਆ ਪੰਜਾਬ ਦੇ ਸਕੂਲਾਂ ਦਾ ਖੇਡ ਕੈਲੰਡਰ ਨੈਸ਼ਨਲ ਸਕੂਲ ਖੇਡਾਂ ਸਿਰ' ਤੇ, ਪੰਜਾਬ ਦੇ ਸਕੂਲਾਂ ਦਾ ਖੇਡ ਕਲੈਂਡਰ ਅਜੇ ਤੱਕ ਨਹੀਂ ਹੋਇਆ ਜਾਰੀ
Publish Date: Tue, 25 Aug 2026 06:59 PM (IST)
Updated Date: Wed, 26 Aug 2026 04:04 AM (IST)
ਜੀਆਰਪੀ- ਅਮਰਜੀਤ ਸ਼ਾਸਤਰੀ। * ਨੈਸ਼ਨਲ ਪੱਧਰੀ ਖੇਡਾਂ ਦਾ ਆਗਾਜ਼ 15 ਸਤੰਬਰ ਤੋਂ ਸ੍ਰੀ ਨਗਰ ਜੰਮੂ ਕਸ਼ਮੀਰ ਤੋਂ ਹੋ ਰਿਹੈ * ਸਰਕਾਰ ਦੀ ਸਕੂਲੀ ਖੇਡਾਂ ਪ੍ਰਤੀ ਅਣਦੇਖੀ ਭਵਿੱਖ ’ਚ ਨੈਸ਼ਨਲ ਪੱਧਰ ਤੇ ਖਿਡਾਰੀਆਂ ਲਈ ਘਾਟੇ ਦਾ ਸੌਦਾ ਬਣੇਗੀ : ਸ਼ਾਸਤਰੀ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਨੈਸ਼ਨਲ ਸਕੂਲ ਗੇਮਸ ਫੈੱਡਰੇਸ਼ਨ ਇੰਡੀਆ ਵੱਲੋਂ ਸਕੂਲਾਂ ਦੀਆਂ ਖੇਡਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਬਕਾਇਦਾ ਤੌਰ ’ਤੇ ਕੈਲੰਡਰ ਜਾਰੀ ਕਰ ਦਿੱਤਾ ਹੈ। ਨੈਸ਼ਨਲ ਪੱਧਰ ’ਤੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਆਗਾਜ਼ ਅਗਲੇ ਮਹੀਨੇ 15 ਸਤੰਬਰ ਤੋਂ ਸ੍ਰੀ ਨਗਰ ਜੰਮੂ ਕਸ਼ਮੀਰ ਤੋਂ ਹੋ ਰਿਹਾ ਹੈ। ਸਕੂਲ ਗੇਮਸ ਫੈੱਡਰੇਸ਼ਨ ਇੰਡੀਆ ਵੱਲੋਂ ਇਹ ਕੈਲੰਡਰ ਜੂਨ ਮਹੀਨੇ ਸਾਰੀਆਂ ਮੈਂਬਰ ਯੂਨਿਟ ਨੂੰ ਜਾਰੀ ਕਰ ਕੇ ਆਪਣੀ ਖੇਡ ਸਰਗਰਮੀਆਂ ਦੀ ਵਿਉਂਤਬੰਦੀ ਬਣਾਉਣ ਦੀ ਹਦਾਇਤ ਕੀਤੀ ਸੀ। ਕਿਉਂਕਿ ਸਕੂਲੀ ਖਿਡਾਰੀਆਂ ਨੇ ਜ਼ੋਨਲ ਖੇਡਾਂ, ਜ਼ਿਲ੍ਹਾ ਪੱਧਰੀ ਖੇਡਾਂ ਤੇ ਸੂਬਾ ਪੱਧਰੀ ਖੇਡਾਂ ਰਾਹੀਂ ਜਿੱਤ ਕੇ ਖ਼ੁਦ ਨੂੰ ਨੈਸ਼ਨਲ ਸਕੂਲ ਖੇਡਾਂ ਲਈ ਯੋਗ ਬਣਨਾ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਕਾਰਵਾਈ ਨਾ ਕਰਨ ਤੇ ਨੈਸ਼ਨਲ ਪੱਧਰ ’ਤੇ ਮੈਡਲ ਜਿੱਤਣ ਦੇ ਸੁਪਨੇ ਪੂਰੇ ਕਰਨ ਵਾਲੇ ਖਿਡਾਰੀਆਂ ਨੂੰ ਦਰਕਿਨਾਰ ਕਰ ਦਿੱਤਾ ਹੈ। ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ’ਚ ਸਟੇਟ ਪੱਧਰ ’ਤੇ ਕੈਲੰਡਰ ਜਾਰੀ ਨਾ ਹੋਣ ਕਰ ਕੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਨਹੀਂ ਕਰਵਾਏ ਗਏ ਹਨ। ਨਿਯਮਾਂ ਅਨੁਸਾਰ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਤੋਂ ਇਕ ਮਹੀਨਾ ਪਹਿਲਾਂ ਪੰਜਾਬ ਦੇ ਖਿਡਾਰੀਆਂ ਨੂੰ ਸੂਬਾ ਪੱਧਰੀ ਕੈਂਪ ਲਗਾ ਕੇ ਇਸ ਯੋਗ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਨੈਸ਼ਨਲ ਪੱਧਰ ’ਤੇ ਖ਼ੁਦ ਨੂੰ ਭਾਗ ਲੈਣ ਲਈ ਤਿਆਰ ਹੋ ਸਕਣ। ਵਿਭਾਗੀ ਸੂਤਰਾਂ ਅਨੁਸਾਰ ਇਸ ਕੈਲੰਡਰ ਦੀ ਮਨਜ਼ੂਰੀ ਸਿੱਖਿਆ ਮੰਤਰੀ ਪੰਜਾਬ ਨੇ ਦੇਣੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਦਾ ਸਾਰਾ ਜ਼ੋਰ ਅਤੇ ਸਰਮਾਇਆ ਖੇਡਾਂ ਵਤਨ ਪੰਜਾਬ 4 ਸੀਜ਼ਨ ਤੇ ਲੱਗਿਆ ਹੋਇਆ ਹੈ ਤੇ ਇਸ ਦੀਆਂ ਬਕਾਇਦਾ ਤੌਰ ’ਤੇ ਸ਼ੁਰੂਆਤ ਹੋ ਚੁੱਕੀ ਹੈ। ਬਲਾਕ ਪੱਧਰੀ ਖੇਡਾਂ ਤੋਂ ਲੈ ਕੇ ਸੂਬਾ ਪੱਧਰੀ ਖੇਡਾਂ ਦਾ ਕੈਲੰਡਰ ਤੇ ਸਥਾਨ ਨਿਰਧਾਰਿਤ ਹੋ ਚੁੱਕਾ ਹੈ। ਸਕੂਲ ਦੇ ਅਧਿਆਪਕ ਇਸ ਸ਼ਸ਼ੋਪੰਜ ’ਚ ਹਨ ਕਿ ਉਹ ਆਪਣੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ 4 ਸੀਜ਼ਨ ਵੱਲ ਲੈ ਕੇ ਜਾਣ ਜਾਂ ਸਕੂਲੀ ਖੇਡਾਂ ਵੱਲ। ਗੁਰਦਾਸਪੁਰ ਦੇ ਪ੍ਰਸਿੱਧ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਗੱਲ ਕਰਨ ’ਤੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਕੂਲੀ ਖੇਡਾਂ ਵੱਲ ਅਣਦੇਖੀ ਭਵਿੱਖ ’ਚ ਨੈਸ਼ਨਲ ਪੱਧਰ ਤੇ ਖਿਡਾਰੀਆਂ ਲਈ ਘਾਟੇਵੰਦਾ ਸੌਦਾ ਬਣੇਗੀ, ਕਿਉਂਕਿ ਕੌਮੀ ਪੱਧਰ ’ਤੇ ਮੈਡਲ ਸੂਚੀ ’ਚ ਪੰਜਾਬ ਦਾ ਗ੍ਰਾਫ ਲਗਾਤਾਰ ਪੱਛੜ ਰਿਹਾ ਹੈ। ਇਸ ਦਾ ਖਮਿਆਜ਼ਾ ਖਿਡਾਰੀਆਂ ਨੂੰ ਨੈਸ਼ਨਲ ਯੂਥ ਖੇਡਾਂ ਤੇ ਵਿਸ਼ਵ ਸਕੂਲ ਖੇਡਾਂ ’ਚ ਭੁਗਤਣਾ ਪਵੇਗਾ। ਜ਼ਿਲ੍ਹਾ ਸਕੂਲ ਖੇਡ ਕਮੇਟੀਆਂ ਤੇ ਅਧਿਆਪਕਾਂ ਦੀਆਂ ਜਥੇਬੰਦੀਆਂ ਨੂੰ ਸਕੂਲੀ ਖੇਡਾਂ ਬਚਾਉਣ ਲਈ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਵਿਭਾਗ ਨੂੰ ਪੱਕੇ ਤੌਰ ’ਤੇ ਡਿਪਟੀ ਡਾਇਰੈਕਟਰ ਸਪੋਰਟਸ ਸਕੂਲ ਦੀ ਨਿਯੁਕਤੀ ਕਰਕੇ ਖੇਡਾਂ ਦੇ ਵਿਭਾਗ ਨੂੰ ਚੁਸਤ-ਦਰੁਸਤ ਕਰਨ ਦੀ ਲੋੜ ਹੈ।