ਨਗਰ ਕੌਂਸਲ ਚੋਣ, ਕੂੜਾ ਬਣਿਆ ਦੰਗਲ ਦਾ ਮੁੱਖ ਕੇਂਦਰ, ਆਗੂਆਂ ਦਾ ਹੱਲ ਦਾ ਵਾਅਦਾ
ਨਗਰ ਕੌਂਸਲ ਚੋਣ, ਕੂੜਾ ਬਣਿਆ ਦੰਗਲ ਦਾ ਮੁੱਖ ਕੇਂਦਰ, ਆਗੂਆਂ ਦਾ ਹੱਲ ਦਾ ਵਾਅਦਾ
Publish Date: Sun, 07 Jun 2026 04:29 PM (IST)
Updated Date: Sun, 07 Jun 2026 04:32 PM (IST)

ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਨਗਰ ਕੌਂਸਲ ਚੋਣ ਨੂੰ ਲੈ ਕੇ ਪੂਰਾ ਸ਼ਹਿਰ ਚੁਣਾਵੀਂ ਮੈਦਾਨ ਵਿੱਚ ਬਦਲ ਚੁੱਕਾ ਹੈ। 13 ਜੂਨ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਉਮੀਦਵਾਰ ਜਨ ਸੰਪਰਕ ਮੁਹਿੰਮ ਵਿੱਚ ਜੁੱਟ ਗਏ ਹਨ। ਹਰ ਪਾਰਟੀ ਅਤੇ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ, ਪਰ ਇਸ ਵਾਰ ਦੀ ਚੋਣ ਮੁਹਿੰਮ ਵਿੱਚ ਸਭ ਤੋਂ ਵੱਡਾ ਮੁੱਦਾ ਸ਼ਹਿਰ ਵਿੱਚ ਫੈਲੇ ਕੂੜੇ ਦਾ ਹੈ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਬਣੀ ਕੂੜਾ ਨਿਪਟਾਰੇ ਦੀ ਸਮੱਸਿਆ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ ਅਤੇ ਹੁਣ ਇਹੀ ਮੁੱਦਾ ਚੋਣ ਦੰਗਲ ਦਾ ਕੇਂਦਰ ਬਣ ਗਿਆ ਹੈ। ਸ਼ਹਿਰ ਵਿੱਚ ਕੂੜੇ ਦੀ ਲਿਫ਼ਟਿੰਗ ਦੀ ਸਮੱਸਿਆ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਬਣੀ ਹੋਈ ਹੈ। ਦੁਪਹਿਰ ਬਾਅਦ ਤੱਕ ਵੀ ਸ਼ਹਿਰ ਦੇ ਕਈ ਇਲਾਕਿਆਂ ਤੋਂ ਕੂੜਾ ਨਹੀਂ ਚੁੱਕਿਆ ਜਾਂਦਾ ਜਿਸ ਕਾਰਨ ਬਦਬੂ ਅਤੇ ਗੰਦਗੀ ਦਾ ਮਾਹੌਲ ਬਣਿਆ ਰਹਿੰਦਾ ਹੈ। ਹਾਲਤ ਇਹ ਹੈ ਕਿ ਕੂੜੇ ਦੇ ਢੇਰਾਂ ਵਿਚਾਲੇ ਲੋਕਾਂ ਨੂੰ ਲੰਘਣਾ ਪੈ ਰਿਹਾ ਹੈ। ਨਗਰ ਕੌਂਸਲ ਹੁਣ ਤੱਕ ਕੂੜੇ ਦੀ ਡੰਪਿੰਗ ਲਈ ਕੋਈ ਸਥਾਈ ਥਾਂ ਦਾ ਪ੍ਰਬੰਧ ਨਹੀਂ ਕਰ ਸਕੀ। ਸਭ ਤੋਂ ਵੱਡੀ ਸਮੱਸਿਆ ਉਦੋਂ ਪੈਦਾ ਹੋਈ ਜਦੋਂ ਪਿੰਡ ਚੋਪੜਾ ਵਿੱਚ ਬਣੀ ਡੰਪਿੰਗ ਸਾਈਟ ਨੂੰ ਸਥਾਨਕ ਲੋਕਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਬੰਦ ਕਰਨਾ ਪਿਆ। ਪਿੰਡ ਵਾਸੀਆਂ ਨੇ ਪ੍ਰਦੂਸ਼ਣ ਅਤੇ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਇਸ ਸਾਈਟ ਦੇ ਸੰਚਾਲਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਕੌਂਸਲ ਨੂੰ ਇਸਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਪਰ ਇਸ ਤੋਂ ਬਾਅਦ ਕੋਈ ਬਦਲਵੀਂ ਥਾਂ ਨਹੀਂ ਮਿਲ ਸਕੀ। --ਇਧਰ-ਉਧਰ ਕੂੜਾ ਸੁੱਟ ਕੇ ਚਲਾਇਆ ਜਾ ਰਿਹਾ ਕੰਮ-- ਫਿਲਹਾਲ ਨਗਰ ਕੌਂਸਲ ਕੂੜੇ ਨੂੰ ਇਧਰ-ਉਧਰ ਸੁੱਟ ਕੇ ਕੰਮ ਚਲਾ ਰਹੀ ਹੈ। ਕੂੜਾ ਚੁੱਕਣ ਵਾਲੇ ਵਾਹਨ ਸ਼ਹਿਰ ਤੋਂ ਕੂੜਾ ਤਾਂ ਚੁੱਕ ਲੈਂਦੇ ਹਨ, ਪਰ ਉਸਨੂੰ ਸੁੱਟਣ ਲਈ ਕੋਈ ਪ੍ਰਬੰਧਿਤ ਥਾਂ ਨਾ ਹੋਣ ਕਾਰਨ ਖਾਲੀ ਜ਼ਮੀਨਾਂ ਜਾਂ ਸੜਕ ਦੇ ਕਿਨਾਰੇ ਸੁੱਟ ਦਿੰਦੇ ਹਨ। ਇਸ ਨਾਲ ਕੂੜਾ ਫਿਰ ਤੋਂ ਸ਼ਹਿਰ ਵਿੱਚ ਵਾਪਸ ਆ ਜਾਂਦਾ ਹੈ। ਲੋਕਾਂ ਨੇ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਕੌਂਸਲ ਕੋਲ ਸ਼ਿਕਾਇਤ ਕੀਤੀ, ਪਰ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਦੋ ਸਾਲਾਂ ਤੋਂ ਇਸ ਗੰਦਗੀ ਵਿਚਕਾਰ ਜੀ ਰਹੇ ਹਨ। ਹਰ ਪਾਸੇ ਕੂੜੇ ਦੇ ਢੇਰ ਹਨ। ਗਰਮੀ ਦੇ ਮੌਸਮ ਵਿੱਚ ਤਾਂ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ। ਚੋਣ ਆ ਗਈ ਹੈ ਹੁਣ ਆਗੂ ਉਨ੍ਹਾਂ ਕੋਲ ਆ ਰਹੇ ਹਨ ਅਤੇ ਵਾਅਦੇ ਕਰ ਰਹੇ ਹਨ। ਦੇਖਣਾ ਹੈ ਕਿ ਚੋਣ ਤੋਂ ਬਾਅਦ ਕੀ ਹੁੰਦਾ ਹੈ। ਇਸ ਵਾਰ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਸਾਰੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਨੇ ਆਪਣੇ ਏਜੰਡੇ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਨੂੰ ਪਹਿਲੇ ਸਥਾਨ ਤੇ ਰੱਖਿਆ ਹੈ। ਹਰ ਉਮੀਦਵਾਰ ਜਨ ਸਭਾਵਾਂ ਅਤੇ ਸੰਪਰਕ ਮੁਹਿੰਮਾਂ ਵਿੱਚ ਇਹ ਵਾਅਦਾ ਕਰ ਰਿਹਾ ਹੈ ਕਿ ਜਿੱਤਣ ਤੋਂ ਬਾਅਦ ਕੂੜੇ ਦੀ ਸਮੱਸਿਆ ਦਾ ਸਥਾਈ ਪ੍ਰਬੰਧ ਕੀਤਾ ਜਾਵੇਗਾ। ਕਈ ਉਮੀਦਵਾਰ ਤਾਂ ਡੰਪਿੰਗ ਸਾਈਟ ਲਈ ਨਵੀਂ ਥਾਂ ਦਾ ਸਰਵੇ ਕਰਵਾਉਣ ਅਤੇ ਆਧੁਨਿਕ ਕੂੜਾ ਪਲਾਂਟ ਲਗਾਉਣ ਦੀ ਗੱਲ ਵੀ ਕਹਿ ਰਹੇ ਹਨ। ਸ਼ਹਿਰ ਦੇ ਲੋਕ ਵੀ ਸਿਰਫ਼ ਕੂੜੇ ਦੀ ਸਮੱਸਿਆ ਤੇ ਹੀ ਗੱਲ ਕਰ ਰਹੇ ਹਨ। ਜਿਹੜੀ ਪਾਰਟੀ ਠੋਸ ਯੋਜਨਾ ਲੈ ਕੇ ਆਵੇਗੀ, ਉਹੀ ਚੋਣ ਜਿੱਤੇਗੀ। ਇਸ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਇਸੇ ਮੁੱਦੇ ਨੂੰ ਮੁੱਖ ਰੂਪ ਵਿੱਚ ਚੁੱਕ ਰਹੀਆਂ ਹਨ। ਦਸ ਦਈਏ ਕਿ ਕਿ ਨਗਰ ਕੌਂਸਲ ਚੋਣ ਲਈ ਵੋਟਿੰਗ 13 ਜੂਨ ਨੂੰ ਹੋਵੇਗੀ। ਵੋਟਿੰਗ ਖਤਮ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਿਸ ਨਾਲ ਇਹ ਸਾਫ਼ ਹੋ ਜਾਵੇਗਾ ਕਿ ਲੋਕਾਂ ਨੇ ਕਿਸ ਪਾਰਟੀ ਅਤੇ ਕਿਸ ਉਮੀਦਵਾਰ ਤੇ ਆਪਣਾ ਭਰੋਸਾ ਜਤਾਇਆ ਹੈ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਾਰ ਚੋਣ ਪੂਰੀ ਤਰ੍ਹਾਂ ਮੁੱਦਿਆਂ ਤੇ ਲੜੀ ਜਾ ਰਹੀ ਹੈ ਅਤੇ ਕੂੜੇ ਦਾ ਮੁੱਦਾ ਹੀ ਨਿਰਣਾਇਕ ਸਾਬਤ ਹੋ ਸਕਦਾ ਹੈ। ਆਮ ਲੋਕਾਂ ਨੂੰ ਉਮੀਦ ਹੈ ਕਿ ਚੋਣ ਤੋਂ ਬਾਅਦ ਨਵੀਂ ਕੌਂਸਲ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇਗੀ। ਵੋਟਰਾਂ ਦਾ ਕਹਿਣਾ ਹੈ ਕਿ ਹਰ ਵਾਰ ਚੋਣ ਵਿੱਚ ਵਾਅਦੇ ਹੁੰਦੇ ਹਨ, ਪਰ ਬਾਅਦ ਵਿੱਚ ਸਭ ਭੁੱਲ ਜਾਂਦੇ ਹਨ। ਇਸ ਵਾਰ ਜੇਕਰ ਕੂੜੇ ਦਾ ਸਥਾਈ ਹੱਲ ਨਹੀਂ ਹੁੰਦਾ ਤਾਂ ਲੋਕਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਹੁਣ ਦੇਖਣਾ ਇਹ ਹੈ ਕਿ 13 ਜੂਨ ਨੂੰ ਵੋਟਿੰਗ ਤੋਂ ਬਾਅਦ ਨਤੀਜੇ ਕੀ ਲਿਆਉਂਦੇ ਹਨ ਅਤੇ ਕੀ ਸੱਚਮੁੱਚ ਸ਼ਹਿਰ ਨੂੰ ਕੂੜੇ ਦੇ ਸੰਕਟ ਤੋਂ ਮੁਕਤੀ ਮਿਲ ਪਾਉਂਦੀ ਹੈ ਜਾਂ ਇਹ ਮੁੱਦਾ ਅਗਲੀਆਂ ਚੋਣਾਂ ਤੱਕ ਲਈ ਸਿਰਫ਼ ਇੱਕ ਚੋਣੀ ਨਾਅਰਾ ਬਣ ਕੇ ਰਹਿ ਜਾਂਦਾ ਹੈ। --ਨਾਮਜ਼ਦਗੀ ਵਾਪਸੀ ਤੋਂ ਬਾਅਦ 235 ਉਮੀਦਵਾਰ ਮੈਦਾਨ ’ਚ-- ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਨਗਰ ਕੌਂਸਲ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਤੋਂ ਨਾਮਜ਼ਦਗੀ ਵਾਪਸੀ ਤੋਂ ਬਾਅਦ ਹੁਣ ਕੁੱਲ 235 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪੰਜ ਜੂਨ ਨੂੰ ਨਾਮਜ਼ਦਗੀ ਵਾਪਸੀ ਦੌਰਾਨ ਗੁਰਦਾਸਪੁਰ ਤੋਂ 48 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਹਨ, ਇੱਥੇ ਹੁਣ 120 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੀਨਾਨਗਰ ਵਿੱਚ 31 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲਈ ਹੈ, ਇੱਥੋਂ ਹੁਣ 62 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਕਾਦੀਆਂ ਨਗਰ ਕੌਂਸਲ ਤੋਂ 38 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਹਨ ਅਤੇ ਹੁਣ ਇੱਥੇ ਕੁੱਲ 53 ਉਮੀਦਵਾਰ ਚੋਣ ਲੜ ਰਹੇ ਹਨ।