ਪੀਐੱਮ ਸ਼੍ਰੀ ਸਕੂਲ ’ਚ ਕਰੀਅਰ ਗਾਈਡੈਂਸ ਤੇ ‘ਯੁੱਧ ਨਸ਼ਿਆਂ ਵਿਰੁੱਧ’ ਡੈਕਲਾਮੇਸ਼ਨ ਮੁਕਾਬਲਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਮੁਕੇਸ਼ ਵਰਮਾ, ਪ੍ਰਿੰਸੀਪਲ ਡਾ. ਸੁਨੀਤਾ ਤੇ ਗੁਰਟੇਕ ਸਿੰਘ।
Publish Date: Sat, 26 Sep 2026 04:44 PM (IST)
Updated Date: Sun, 27 Sep 2026 04:03 AM (IST)
ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਪੰਜਾਬੀ ਜਾਗਰਣ, ਕਾਦੀਆਂ : ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਰਾਜੇਸ਼ ਸ਼ਰਮਾ ਦੇ ਮਾਰਗਦਰਸ਼ਨ ਹੇਠ ਵਿਦਿਆਰਥੀਆਂ ਨੂੰ ਕਰੀਅਰ ਦੀ ਸਹੀ ਦਿਸ਼ਾ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਸ਼ੇਸ਼ ਕਰੀਅਰ ਗਾਈਡੈਂਸ ਗਤੀਵਿਧੀ ਕਰਵਾਈ ਗਈ। ਸਕੂਲ ਵਿਖੇ ਪਹੁੰਚਣ ’ਤੇ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਅਤੇ ਗੁਰਟੇਕ ਸਿੰਘ ਵੱਲੋਂ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਦਾ ਨਿੱਘਾ ਸਵਾਗਤ ਕਰਦਿਆਂ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ, ਉੱਚ ਸਿੱਖਿਆ ਦੇ ਮੌਕਿਆਂ ਅਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਆਪਣੀ ਰੁਚੀ ਤੇ ਯੋਗਤਾ ਅਨੁਸਾਰ ਕਿੱਤਾ ਚੁਣਨ ਅਤੇ ਆਪਣੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰੀ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਿੱਤਾ ਮੁਖੀ ਕੋਰਸਾਂ, ਕਰੀਅਰ ਵਿਕਲਪਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਮੁਕੇਸ਼ ਵਰਮਾ ਵੱਲੋਂ ਬੜੇ ਹੀ ਸੰਤੁਸ਼ਟੀਜਨਕ ਅਤੇ ਵਿਹਾਰਕ ਉੱਤਰ ਦਿੱਤੇ ਗਏ। ਪ੍ਰਿੰਸੀਪਲ ਡਾ. ਸੁਨੀਤਾ ਨੇ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਜਲੇ ਭਵਿੱਖ ਲਈ ਅਜਿਹੀਆਂ ਗਾਈਡੈਂਸ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁਕੇਸ਼ ਵਰਮਾ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਵਿਸ਼ੇ ’ਤੇ ਡੈਕਲਾਮੇਸ਼ਨ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗਾਈਡੈਂਸ ਕੌਂਸਲਰ ਨੀਤੂ ਬਾਲਾ ਅਤੇ ਅਜੇ ਕੁਮਾਰ ਵੱਲੋਂ ਤਿਆਰ ਕੀਤੇ ਗਏ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ਗਾਈਡੈਂਸ ਗਤੀਵਿਧੀਆਂ ਨਾਲ ਸਬੰਧਤ ਰਿਕਾਰਡ ਦੀ ਵੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਵੱਲੋਂ ਸਮੀਖਿਆ ਕੀਤੀ ਗਈ ਅਤੇ ਲੋੜੀਂਦੇ ਸੁਝਾਅ ਦਿੱਤੇ ਗਏ। ਇਸ ਮੌਕੇ ਗੁਰਟੇਕ ਸਿੰਘ, ਲੈਕਚਰਾਰ ਦਿਨੇਸ਼ ਕੁਮਾਰ, ਲੈਕਚਰਾਰ ਅਵਿਨਾਸ਼ ਕੁਮਾਰ, ਗੁਰਪ੍ਰੀਤ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।