ਵੇਰਕਾ ਪਲਾਂਟ ਦੇ ਸਾਹਮਣੇ ਕੂੜੇ ਦੇ ਪਹਾੜ, ਲੋਕਾਂ ਦਾ ਜਿਊਣਾ ਮੁਹਾਲ ਪੀਏਯੂ ਖੇਤਰੀ ਖੋਜ ਕੇਂਦਰ, ਵੇਰਕਾ ਪਲਾਂਟ ਦੇ ਸਾਹਮਣੇ ਕੂੜੇ ਦੇ ਪਹਾੜ, ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਲੋਕਾਂ ਦਾ ਜਿਊਣਾ ਮੁਹਾਲ
Publish Date: Sat, 12 Sep 2026 04:35 PM (IST)
Updated Date: Sat, 12 Sep 2026 04:38 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਦੀ ਬਾਹਰੀ ਕੰਧ ਨਾਲ, ਵੇਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਅਤੇ ਈਸਾਈ ਕਬਰਸਤਾਨ ਨਾਲ ਲੱਗਦੀ ਸੜਕ ’ਤੇ ਪਿਛਲੇ ਕਈ ਮਹੀਨਿਆਂ ਤੋਂ ਨਗਰ ਕੌਂਸਲ ਅਤੇ ਆਮ ਲੋਕਾਂ ਵੱਲੋਂ ਨਾਜਾਇਜ਼ ਤੌਰ ’ਤੇ ਕੂੜਾ ਡੰਪ ਕੀਤਾ ਜਾ ਰਿਹਾ ਹੈ। ਲਗਭਗ 300 ਮੀਟਰ ਲੰਬੀ ਸੜਕ ਦੇ ਕਿਨਾਰੇ ਪਲਾਸਟਿਕ, ਗਲੇ-ਸੜੇ ਫਲ-ਸਬਜ਼ੀਆਂ, ਹਸਪਤਾਲਾਂ ਦਾ ਖਤਰਨਾਕ ਕਚਰਾ ਅਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜੋ ਹੁਣ ਅੱਧੀ ਸੜਕ ਤੱਕ ਫੈਲ ਚੁੱਕੇ ਹਨ। ਇਸ ਨਾਜਾਇਜ਼ ਡੰਪ ਕਾਰਨ ਪੀਏਯੂ ਦੇ ਵਿਗਿਆਨੀਆਂ, ਸਟਾਫ਼, ਸਕੂਲੀ ਬੱਚਿਆਂ ਅਤੇ ਰਾਹਗੀਰਾਂ ਲਈ ਇਸ ਰਸਤੇ ਤੋਂ ਲੰਘਣਾ ਬੇਹੱਦ ਔਖਾ ਹੋ ਗਿਆ ਹੈ। ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਹ ਗੰਦਗੀ ਵੇਰਕਾ ਦੁੱਧ ਪਲਾਂਟ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਲੀਟਰ ਦੁੱਧ ਦੀ ਸਪਲਾਈ ਹੁੰਦੀ ਹੈ। ਗੰਦਗੀ ਕਾਰਨ ਪੈਦਾ ਹੋ ਰਹੇ ਮੱਖੀਆਂ ਅਤੇ ਮੱਛਰਾਂ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਦੂਸ਼ਿਤ ਹੋਣ ਦਾ ਵੱਡਾ ਖਤਰਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ, ਇਹ ਕੂੜਾ ਈਸਾਈ ਭਾਈਚਾਰੇ ਦੇ ਕਬਰਸਤਾਨ ਦੀ ਕੰਧ ਤੱਕ ਫੈਲ ਚੁੱਕਾ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਇਲਾਕਾ ਨਿਵਾਸੀਆਂ, ਪੀਏਯੂ ਸਟਾਫ਼ ਅਤੇ ਈਸਾਈ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਐੱਸਡੀਐੱਮ ਗੁਰਦਾਸਪੁਰ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਤੋਂ ਮੰਗ ਕੀਤੀ ਹੈ ਕਿ ਇਸ ਥਾਂ ਤੋਂ ਜੇਸੀਬੀ ਦੀ ਮਦਦ ਨਾਲ ਕੂੜਾ ਤੁਰੰਤ ਚੁੱਕਵਾਇਆ ਜਾਵੇ, ਉੱਥੇ ਕੂੜਾ ਸੁੱਟਣਾ ਮਨ੍ਹਾ ਹੈ ਦੇ ਬੋਰਡ ਲਗਾਏ ਜਾਣ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਉਹ ਸੜਕ ਜਾਮ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।