ਨਵਜੰਮੇ ਬੱਚੇ ਲਈ ਅੰਮ੍ਰਿਤ ਹੈ ਮਾਂ ਦਾ ਪਹਿਲਾ ਦੁੱਧ : ਸਿਵਲ ਸਰਜਨ ਨਵਜੰਮ੍ਹੇ ਬੱਚੇ ਲਈ ਅੰਮ੍ਰਿਤ ਹੈ ਮਾਂ ਦਾ ਪਹਿਲਾ ਦੁੱਧ- ਸਿਵਲ ਸਰਜਨ
Publish Date: Sun, 02 Aug 2026 04:52 PM (IST)
Updated Date: Mon, 03 Aug 2026 04:04 AM (IST)
ਜੀਆਰਪੀ- ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਅਧਿਕਾਰੀ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਸਰਕਾਰ ਵੱਲੋਂ ਜਾਰੀ ਸਿਹਤ ਕ੍ਰਾਂਤੀ ਦੇ ਮੱਦੇਨਜ਼ਰ ਸਿਹਤ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ’ਚ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਅਗਵਾਈ ਹੇਠ 1 ਤੋਂ 7 ਅਗਸਤ ਤੱਕ ਬ੍ਰੈਸਟ ਫੀਡਿੰਗ ਵੀਕ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਮਾਂ ਦਾ ਦੁੱਧ, ਜਿਸ ਨੂੰ ਗੁੜ੍ਹਤੀ ਜਾਂ ਕੋਲੋਸਟਰਮ ਵੀ ਕਿਹਾ ਜਾਂਦਾ ਹੈ, ਬੱਚੇ ਲਈ ਬਹੁਤ ਗੁਣਕਾਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ। ਡਾਕਟਰ ਪ੍ਰਭਾਕਰ ਨੇ ਦੱਸਿਆ ਕਿ ਬੱਚੇ ਨੂੰ ਜਨਮ ਤੋਂ 1 ਘੰਟੇ ਦੇ ਅੰਦਰ-ਅੰਦਰ ਮਾਂ ਦਾ ਦੁੱਧ ਪਿਆਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ 6 ਮਹੀਨੇ ਤੱਕ ਦੀ ਉਮਰ ਵਿੱਚ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ ਤੇ 2 ਸਾਲ ਤੱਕ ਮਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਨਮ ਤੋਂ 6 ਮਹੀਨੇ ਤੱਕ ਬੱਚੇ ਨੂੰ ਪਾਣੀ ਦੀ ਵੀ ਕੋਈ ਲੋੜ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਨਵਜੰਮ੍ਹੇ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਵਿੱਚ ਵੀ ਵੱਡਾ ਸੁਧਾਰ ਹੁੰਦਾ ਹੈ। ਇਸ ਨਾਲ ਮਾਵਾਂ ’ਚ ਛਾਤੀ ਦਾ ਕੈਂਸਰ ਤੇ ਬੱਚੇਦਾਨੀ ਦੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ। ਡਾਕਟਰ ਨੇ ਦੱਸਿਆ ਕਿ ਮਾਂ ਦਾ ਦੁੱਧ ਬਿਲਕੁਲ ਜੀਵਾਣੂ-ਰਹਿਤ ਤੇ ਬੱਚੇ ਦੇ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੁੰਦਾ ਹੈ। ਇਸ ਵਿੱਚ ਲੋੜੀਂਦੇ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਦਾਰਥ ਮੌਜੂਦ ਹੁੰਦੇ ਹਨ, ਜੋ ਬੱਚੇ ਦਾ ਪੂਰਾ ਪੋਸ਼ਣ ਕਰਦੇ ਹਨ। ਇਸ ਤੋਂ ਇਲਾਵਾ ਇਹ ਬੱਚੇ ਦੇ ਦਿਮਾਗ ਦੇ ਤੇਜ਼ ਵਿਕਾਸ ਵਿੱਚ ਵੀ ਸਹਾਇਕ ਹੈ। ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਸਮੇਂ-ਸਮੇਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਹਰੇਕ ਬੱਚੇ ਨੂੰ ਇਹ ਪੌਸ਼ਟਿਕ ਆਹਾਰ ਮਿਲ ਸਕੇ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਾਵਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਲਈ ਪ੍ਰੇਰਿਆ ਗਿਆ।