ਵਿਧਾਇਕ ਰੰਧਾਵਾ ਨੇ ਪਿੰਡ ਸਹਾਰੀ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਸਿਹਤ ਕਾਰਡ ਵੰਡੇ
ਵਿਧਾਇਕ ਰੰਧਾਵਾ ਨੇ ਪਿੰਡ ਸਹਾਰੀ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਸਿਹਤ ਕਾਰਡ ਵੰਡੇ
Publish Date: Tue, 29 Sep 2026 04:33 PM (IST)
Updated Date: Tue, 29 Sep 2026 04:33 PM (IST)
ਸਤਪਾਲ ਜ਼ਖਮੀ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਸਹਾਰੀ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਸਿਹਤ ਕਾਰਡ ਵੰਡੇ ਗਏ। ਵਿਧਾਇਕ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲਗਭਗ 54 ਲੱਖ ਪਰਿਵਾਰਾਂ ਨੂੰ ਕਵਰ ਕਰਦੇ ਹੋਏ 1.26 ਕਰੋੜ ਸਿਹਤ ਕਾਰਡ ਵੰਡੇ ਜਾ ਰਹੇ ਹਨ, ਜਿਸ ਨਾਲ ਹਰੇਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਬਿਨਾਂ ਪੈਸੇ ਦਿੱਤੇ) ਇਲਾਜ ਮਿਲੇਗਾ। ਜਦਕਿ ਪਹਿਲਾਂ ਇਸ ਸਕੀਮ (ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ) ਤਹਿਤ ਇਲਾਜ ਦੀ ਸੀਮਾ ਸਿਰਫ਼ 5 ਲੱਖ ਰੁਪਏ ਸੀ, ਜਿਸ ਨੂੰ ਮਾਨ ਸਰਕਾਰ ਵੱਲੋਂ ਦੁੱਗਣਾ ਕਰਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ 900 ਤੋਂ ਵੱਧ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ 2,356 ਤੋਂ ਵੱਧ ਇਲਾਜ ਪੈਕੇਜ ਉਪਲਬਧ ਹਨ। ਇਸ ’ਚ ਕੈਂਸਰ, ਦਿਲ ਦੇ ਰੋਗ, ਡਾਇਲਸਿਸ, ਗੋਡੇ ਬਦਲਣੇ, ਅੱਖਾਂ ਦੇ ਅਪਰੇਸ਼ਨ, ਕਿਡਨੀ ਅਤੇ ਲਿਵਰ ਟ੍ਰਾਂਸਪਲਾਂਟ ਵਰਗੇ ਵੱਡੇ ਅਪਰੇਸ਼ਨ ਅਤੇ ਆਈ.ਸੀ.ਯੂ. (ICU) ਸਹੂਲਤਾਂ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।