ਇਤਿਹਾਸਿਕ ਮੰਦਿਰ ਕਾਲੀ ਦੁਆਰਾ ਨੂੰ ਜਾਂਦਾ ਰਸਤਾ, ਗੇਟ ਅਤੇ ਸੀਵਰੇਜ ਹੋਵੇਗਾ ਨਵੇਂ ਸਿਰੇ ਤੋਂ ਤਿਆਰ ਇਤਿਹਾਸਿਕ ਮੰਦਿਰ ਕਾਲੀ ਦੁਆਰਾ ਨੂੰ ਜਾਂਦਾ ਰਸਤਾ, ਗੇਟ ਅਤੇ ਸੀਵਰੇਜ ਹੋਵੇਗਾ ਨਵੇਂ ਸਿਰੇ ਤੋਂ ਤਿਆਰ
Publish Date: Tue, 29 Sep 2026 04:52 PM (IST)
Updated Date: Tue, 29 Sep 2026 04:54 PM (IST)
ਸ਼ਾਮ ਤਿਵਾੜੀ/ਰਾਜਨ ਤੇ੍ਰਹਨ, ਪੰਜਾਬੀ ਜਾਗਰਣ, ਬਟਾਲਾ : ਸ਼ਹਿਰ ਇਤਿਹਾਸਿਕ ਮੰਦਿਰ ਕਾਲੀ ਦੁਆਰਾ ਨੂੰ ਜਾਂਦੀ ਗਲੀ, ਮੁੱਖ ਗੇਟ ਅਤੇ ਸੀਵਰੇਜ ਪ੍ਰਬੰਧ ਨੂੰ ਨਵੇਂ ਸਿਰੇ ਤੋਂ ਵਿਕਸਿਤ ਕਰਨ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤਾ ਗਿਆ। ਇਸ ਮੌਕੇ ਮੰਦਿਰ ਪ੍ਰਬੰਧਕਾਂ, ਮਹੰਤਾਂ, ਸੰਗਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਹੰਤ ਅਮਿਤ ਸ਼ਾਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਤਿਹਾਸਿਕ ਮੰਦਿਰ ਕਾਲੀ ਦੁਆਰਾ ਨੂੰ ਜਾਣ ਵਾਲਾ ਰਸਤਾ ਪਿਛਲੇ ਕਰੀਬ 15 ਸਾਲਾਂ ਤੋਂ ਖਸਤਾ ਹਾਲਤ ’ਚ ਸੀ। ਸਮੇਂ ਦੇ ਨਾਲ-ਨਾਲ ਰਸਤੇ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਮੰਦਿਰ ’ਚ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਸੰਗਤਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰਕੇ ਮੀਂਹ ਦੇ ਦਿਨਾਂ ’ਚ ਰਸਤੇ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਹੁਣ ਨਗਰ ਨਿਗਮ ਦੇ ਹਾਊਸ ਦੀ ਪਹਿਲੀ ਮੀਟਿੰਗ ਤੋਂ ਬਾਅਦ ਵਿਧਾਇਕ ਸ਼ੈਰੀ ਕਲਸੀ ਨੇ ਮੰਦਿਰ ਪ੍ਰਬੰਧਕਾਂ ਅਤੇ ਸੰਗਤਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮੰਦਿਰ ਨੂੰ ਜਾਣ ਵਾਲੀ ਗਲੀ ਦਾ ਨਿਰਮਾਣ ਹੋਣ ਦੇ ਨਾਲ ਨਾਲ ਮੰਦਿਰ ਦੇ ਗੇਟ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ ਅਤੇ ਸੀਵਰੇਜ ਨਵੇਂ ਸਿਰੇ ਤੋਂ ਦਰੁਸਤ ਕੀਤਾ ਜਾਵੇਗਾ। ਇਸ ਨਾਲ ਸੰਗਤ ਤੋਂ ਇਲਾਵਾ ਧਾਰਮਿਕ ਸਮਾਗਮਾਂ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਵਿਧਾਇਕ ਕਲਸੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਲੋੜੀਂਦੇ ਸਾਰੇ ਕੰਮ ਤਰਜੀਹ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਬਟਾਲਾ ਦੇ ਵੱਖ-ਵੱਖ ਇਲਾਕਿਆਂ ’ਚ ਲੋੜ ਅਨੁਸਾਰ ਵਿਕਾਸ ਕਾਰਜਾਂ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਸੀਨੀਅਰ ਡਿਪਟੀ ਮੇਅਰ, ਆਪ ਕੌਂਸਲਰ, ਨਿਗਮ ਅਧਿਕਾਰੀ ਅਤੇ ‘ਆਪ’ ਆਗੂ ਮੌਜੂਦ ਸਨ।