‘ਆਪ’ ਨੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ : ਵਿਧਾਇਕ ਕਲਸੀ ਮਾਪੇ ਅਧਿਆਪਕ ਮਿਲਣੀ ਸਮਾਰੋਹ ਦਾ ਉਦਘਾਟਨ ਕਰਦੇ ਵਿਧਾਇਕ ਕਲਸੀ।
Publish Date: Sat, 10 Oct 2026 03:41 PM (IST)
Updated Date: Sat, 10 Oct 2026 03:41 PM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸਕੂਲਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਗਈ ਹੈ ਅਤੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾਂ ਸਿੰਘ ਵਿਖੇ ਅਧਿਆਪਕ-ਮਾਪੇ ਮਿਲਣੀ ਦੌਰਾਨ ਕਰਵਾਏ ਸਮਾਗਮ ਵਿੱਚ ਕੀਤਾ। ਇਸ ਮੌਕੇ ਅਧਿਆਪਕਾਂ ਅਤੇ ਮਾਪਿਆਂ ਦੇ ਆਪਸੀ ਸਹਿਯੋਗ ਰਾਹੀਂ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ’ਤੇ ਜ਼ੋਰ ਦਿੱਤਾ ਗਿਆ। ਵਿਧਾਇਕ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜ ਸਾਲ ਪਹਿਲਾਂ ਲੋਕਾਂ ਨਾਲ ਨਾਲ ਇੱਕ ਵਾਅਦਾ ਕੀਤਾ ਸੀ ਕਿ ਭਾਵੇਂ ਉਹ ਬੱਚਾ ਕਿਸੇ ਮਜ਼ਦੂਰ, ਡਰਾਈਵਰ ਜਾਂ ਕਿਸਾਨ ਦਾ ਹੋਵੇ ਉਹ ਉਸੇ ਪੱਧਰ ਦੀ ਸਿੱਖਿਆ ਹਾਸਲ ਕਰੇਗਾ, ਜੋ ਕਿਸੇ ਅਮੀਰ ਘਰ ਦੇ ਬੱਚੇ ਨੂੰ ਮਿਲਦੀ ਹੈ, ਇਹ ਵਾਅਦਾ ਅਸੀਂ ਨਿਭਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ ਜੇਈਈ ਅਤੇ 2,166 ਬੱਚਿਆਂ ਨੇ ਨੀਟ ਪਾਸ ਕੀਤਾ। ਜਿਨ੍ਹਾਂ ਬੱਚਿਆਂ ਨੂੰ ਕਦੇ ਮਾਰਗਦਰਸ਼ਨ ਦੇਣ ਵਾਲਾ ਕੋਈ ਨਹੀਂ ਸੀ, ਉਹ ਅੱਜ ਇੰਜੀਨੀਅਰ ਅਤੇ ਡਾਕਟਰ ਬਣਨ ਦੇ ਰਾਹ ’ਤੇ ਹਨ। ਕੇਂਦਰ ਸਰਕਾਰ ਦੀ ਰਿਪੋਰਟ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਨੰਬਰ 1 ਦਰਜਾ ਦਿੱਤਾ ਹੈ।