- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਕਲਸੀ ਨੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਖੇਡ ਗਰਾਊਂਡ ਦਾ ਕੀਤਾ ਉਦਘਾਟਨ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਪਿੰਡ ਵਡਾਲਾ ਗਰੰਥੀਆਂ ਵਿਖੇ ਖੇਡ ਗਰਾਊਂਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਸ ਖੇਡ ਗਰਾਊਂਡ ਦੇ ਬਣਨ ਨਾਲ ਨੌਜਵਾਨ ਵਰਗ ਨੂੰ ਬਹੁਤ ਲਾਭ ਹੋਵੇਗਾ। ਹੁਣ ਉਨ੍ਹਾਂ ਨੂੰ ਖੇਡਾਂ ਦੇ ਮੁਕਾਬਲੇ ਦੀ ਤਿਆਰੀ ਲਈ ਬਾਹਰ ਸ਼ਹਿਰ ਵਾਲੇ ਗਰਾਊਂਡਾਂ ਵਿੱਚ ਨਹੀਂ ਜਾਣਾ ਪਵੇਗਾ, ਬਲਕਿ ਉਹ ਆਪਣੇ ਪਿੰਡ ਦੇ ਖੇਡ ਗਰਾਊਂਡ ਵਿੱਚ ਖੇਡ ਕੇ ਹੀ ਆਪਣੀ ਖੇਡ ਦੀ ਤਿਆਰੀ ਕਰ ਸਕਣਗੇ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣਾ। ਇਸੇ ਤਹਿਤ ਹੀ ਲਗਾਤਾਰ ਸੂਬੇ ਦੇ ਪਿੰਡਾਂ ਵਿੱਚ ਕਰੋੜਾਂ ਦੀ ਲਾਗਤ ਨਾਲ ਨਵੇ ਖੇਡ ਗਰਾਊਂਡ ਤੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਖੇਡ ਗਰਾਊਂਡਾਂ ਵਿੱਚ ਖੇਡ ਕੇ ਖਿਡਾਰੀ ਬਲਾਕ, ਜ਼ਿਲਾ, ਨੈਸ਼ਨਲ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਖੇਡ ਕੇ ਆਪਣੇ ਮਾਤਾ-ਪਿਤਾ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਇਸ ਉਪਰੰਤ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ। ਇਸ ਮੌਕੇ ਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਮਿੱਤਰਮਾਨ ਸਿੰਘ ਜ਼ਿਲ੍ਹਾ ਪਰੀਸ਼ਦ ਮੈਂਬਰ, ਸਰਪੰਚ ਕਰਨੈਲ ਸਿੰਘ, ਸਮੂਹ ਗਰਾਮ ਪੰਚਾਇਤ, ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਤੇ ਆਗੂ ਹਾਜ਼ਰ ਸਨ।