ਵਿਧਾਇਕ ਰੰਧਾਵਾ ਨੇ ਕਰਵਾਈ ਝੋਨੇ ਦੀ ਸਰਕਾਰੀ ਬੋਲੀ ਸ਼ੁਰੂ ਕਲਾਨੌਰ ਦਾਣਾ ਮੰਡੀ ਵਿੱਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਰਵਾਈ ਝੋਨੇ ਦੀ ਸਰਕਾਰੀ ਬੋਲੀ ਸ਼ੁਰੂ
Publish Date: Sat, 03 Oct 2026 03:17 PM (IST)
Updated Date: Sat, 03 Oct 2026 03:19 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਕਲਾਨੌਰ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਸਰਕਾਰੀ ਬੋਲੀ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਮੰਡੀ ’ਚ ਝੋਨੇ ਦੀ ਆਮਦ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੀਤ ਸਿੰਘ ਬਾਠ ਤੋਂ ਇਲਾਵਾ ਮਾਰਕੀਟ ਕਮੇਟੀ ਕਲਾਨੌਰ ਦੇ ਸਕੱਤਰ ਪਵਨ ਕੁਮਾਰ ਬਿਬੋਰੀਆ ਅਤੇ ਆੜ੍ਹਤੀ ਵੀ ਮੌਜੂਦ ਸਨ। ਇਸ ਮੌਕੇ ’ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ’ਚ ਲੈ ਕੇ ਆਉਣ ਤਾਂ ਜੋ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਕਲਾਨੌਰ ਦਾਣਾ ਮੰਡੀ ’ਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਅਤੇ ਕਿਸੇ ਵੀ ਕਿਸਾਨ ਨੂੰ ਮੰਡੀ ’ਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀਆਂ 92 ਮੰਡੀਆਂ ’ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਗੋਰਾ, ਵਾਈਸ ਪ੍ਰਧਾਨ ਗੁਰਦੀਪ ਸਿੰਘ ਬੋਹੜ ਵਡਾਲਾ, ਗੁਰਪਿੰਦਰ ਸਿੰਘ ਕਾਹਲੋਂ, ਜਤਿੰਦਰ ਬਾਦਲ, ਭੁਪਿੰਦਰ ਸਿੰਘ ਧਰਮੀ ਫੌਜੀ, ਚੰਨਣ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਰਪੰਚ ਹਰਦੀਪ ਸਿੰਘ ਮਠਾਰੂ ਆਦਿ ਹਾਜ਼ਰ ਸਨ।