ਪਿੰਡ ਗਜਨੀਪੁਰ ਤੋਂ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਦੀ ਸ਼ੁਰੂਆਤ, 175 ਪਰਿਵਾਰਾਂ ਨੂੰ ਮਿਲੇਗਾ ਆਪਣੇ ਘਰਾਂ ਦੀ ਮਾਲਕੀ ਦਾ ਹੱਕ ਪਿੰਡ ਗਜਨੀਪੁਰ ਤੋਂ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਦੀ ਸ਼ੁਰੂਆਤ, 175 ਪਰਿਵਾਰਾਂ ਨੂੰ ਮਿਲੇਗਾ ਆਪਣੇ ਘਰਾਂ ਦੀ ਮਾਲਕੀ ਦਾ ਹੱਕ
Publish Date: Wed, 07 Oct 2026 04:46 PM (IST)
Updated Date: Wed, 07 Oct 2026 04:47 PM (IST)
--80 ਸਾਲ ਪੁਰਾਣੀ ਮੰਗ ਹੋਈ ਪੂਰੀ, ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਮਿਲੇਗੀ ਘਰਾਂ ਦੀ ਕਾਨੂੰਨੀ ਮਾਲਕੀ: ਰਮਨ ਬਹਿਲ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਦੇ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਦੇ ਹੱਕ ਦੇਣ ਲਈ ਅੱਜ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਗਜਨੀਪੁਰ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰਵਾਈ ਗਈ। ਇਸ ਤਹਿਤ ਪਿੰਡ ਗਜ਼ਨੀਪੁਰ ਦੇ 175 ਘਰਾਂ ਨੂੰ ਮਾਲਕੀ ਦਾ ਹੱਕ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਗਜ਼ਨੀਪੁਰ ਦੇ ਵਾਸੀਆਂ ਦੀ ਲਗਭਗ 80 ਸਾਲਾਂ ਤੋਂ ਚੱਲੀ ਆ ਰਹੀ ਇੱਕ ਅਹਿਮ ਮੰਗ ਨੂੰ ਪੂਰਾ ਕਰਨ ਵੱਲ ਕਦਮ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜ੍ਹੀਆਂ ਤੋਂ ਲਾਲ ਲਕੀਰ ਅੰਦਰ ਆਪਣੇ ਘਰਾਂ ਵਿੱਚ ਰਹਿ ਰਹੇ ਲੋਕਾਂ ਕੋਲ ਆਪਣੇ ਘਰਾਂ ਦੀ ਕਾਨੂੰਨੀ ਮਾਲਕੀ ਸਬੰਧੀ ਪੱਕੇ ਦਸਤਾਵੇਜ਼ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਮਿਲੇਗਾ। ਉਨ੍ਹਾਂ ਕਿਹਾ ਕਿ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਪੇਂਡੂ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ। ਮਾਲਕੀ ਦੇ ਦਸਤਾਵੇਜ਼ ਮਿਲਣ ਨਾਲ ਲੋਕਾਂ ਨੂੰ ਆਪਣੇ ਘਰਾਂ ਸਬੰਧੀ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮਾਲਕੀ ਸਪਸ਼ਟ ਰਹੇਗੀ। ਉਨ੍ਹਾਂ ਕਿਹਾ ਕਿ ਗਜਨੀਪੁਰ ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ ਹਲਕਾ ਗੁਰਦਾਸਪੁਰ ਦੇ ਹੋਰ ਪਿੰਡਾਂ ਤੱਕ ਵੀ ਪਹੁੰਚਾਈ ਜਾਵੇਗੀ, ਤਾਂ ਜੋ ਲਾਲ ਲਕੀਰ ਅੰਦਰ ਰਹਿੰਦੇ ਯੋਗ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਘਰਾਂ ਦੀ ਮਾਲਕੀ ਸਬੰਧੀ ਹੱਕ ਮਿਲ ਸਕਣ। ਇਸ ਮੌਕੇ ਤਹਿਸੀਲਦਾਰ ਗੁਰਦਾਸਪੁਰ ਮੁਨੀਸ਼ ਕੁਮਾਰ, ਸਟਾਫ ਮੈਂਬਰ ਮਨਦੀਪ, ਰੋਹਿਤ ਕੁਮਾਰ ਅਤੇ ਸੁਨੀਲ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹੇਮਰਾਜਪੁਰ, ਸਰਪੰਚ ਪਿੰਡ ਗਜ਼ਨੀਪੁਰ ਦਵਿੰਦਰ ਸਿੰਘ, ਸਰਪੰਚ ਪਿੰਡ ਬੋਪਾਰਾਏ ਬਲਜੀਤ ਸਿੰਘ, ਸਰਪੰਚ ਪਿੰਡ ਰਾਜਪੂਤਾਂ ਰਮੇਸ਼ ਲਾਲ, ਪਿੰਡ ਗਜ਼ਨੀਪੁਰ ਸਕੂਲ ਦੇ ਹੈੱਡ ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।