ਡਾ. ਅਮਰੀਕ ਸਿੰਘ ਵੱਲੋਂ ਗੰਨਾ ਕਾਸ਼ਤਕਾਰਾਂ ਤੇ ਕਟਾਈ ਮਸ਼ੀਨ ਮਾਲਕਾਂ ਨਾਲ ਮੀਟਿੰਗ, ਸਮੱਸਿਆਵਾਂ ’ਤੇ ਚਰਚਾ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿੱਚ ਗੰਨਾਂ ਕੇਨ ਹਾਰਵੈਸਟਰ ਮਾਲਕਾਂ ਨਾਲ ਮੀਟਿੰਗ, ਸਮੱਸਿਆਵਾਂ ’ਤੇ ਚਰਚਾ
Publish Date: Sat, 14 Nov 2026 03:58 PM (IST)
Updated Date: Sun, 15 Nov 2026 04:00 AM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਸਹਿਕਾਰੀ ਖੰਡ ਮਿੱਲ ਲਿਮਿਟਡ, ਗੁਰਦਾਸਪੁਰ ਦੇ ਵਿਸ਼ੇਸ਼ ਸੱਦੇ ’ਤੇ ਪੰਜਾਬ ਦੇ ਸਾਬਕਾ ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਗੰਨਾ ਕਾਸ਼ਤਕਾਰਾਂ ਅਤੇ ਗੰਨਾ ਕਟਾਈ ਮਸ਼ੀਨ ਮਾਲਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਗੰਨਾ ਕਟਾਈ ਮਸ਼ੀਨ ਮਾਲਕਾਂ ਨੇ ਪਿਛਲੇ ਪਿੜਾਈ ਸੀਜ਼ਨ ਵਿੱਚ ਗੰਨੇ ਦੀ ਮਸ਼ੀਨੀ ਕਟਾਈ ਦੌਰਾਨ ਆਈਆਂ ਦਿੱਕਤਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ’ਚ ਇਨ੍ਹਾਂ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਦਿੱਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਨਾਲ ਉਤਪਾਦਨ ਵਿੱਚ ਸੁਧਾਰ, ਲਾਗਤ ਵਿੱਚ ਕਮੀ ਅਤੇ ਪ੍ਰਤੀ ਏਕੜ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੇ ਮੁਕਾਬਲੇ ਗੰਨੇ ਦੀ ਫ਼ਸਲ ਵਿੱਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਧੇਰੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਮਜ਼ਦੂਰਾਂ ਦੀ ਵਧ ਰਹੀ ਘਾਟ ਕਾਰਨ ਕਾਸ਼ਤ ਦੀ ਲਾਗਤ ਵਧ ਰਹੀ ਹੈ ਅਤੇ ਕਿਸਾਨਾਂ ਦੀ ਆਮਦਨ ’ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਅਤੇ ਟਿਕਾਊ ਬਣਾਉਣ ਲਈ ਬਿਜਾਈ ਤੋਂ ਕਟਾਈ ਤੱਕ ਮਸ਼ੀਨੀਕਰਨ ਸਮੇਂ ਦੀ ਲੋੜ ਹੈ। ਡਾ. ਸਿੰਘ ਨੇ ਕਿਹਾ ਕਿ ਮਸ਼ੀਨਰੀ ਮਹਿੰਗੀ ਹੋਣ ਕਾਰਨ ਹਰ ਕਿਸਾਨ ਲਈ ਆਪਣੀ ਮਸ਼ੀਨ ਖਰੀਦਣੀ ਔਖੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸਾਨ ਸਾਂਝੇ ਤੌਰ ’ਤੇ ਜਾਂ ਗੰਨਾ ਹਾਰਵੈਸਟਰ ਮਾਲਕ ਅਤੇ ਉੱਦਮੀ ਕਿਸਾਨ ਆਪਣੇ ਪੱਧਰ ’ਤੇ ਕਸਟਮ ਹਾਇਰਿੰਗ ਸੈਂਟਰ ਸਥਾਪਤ ਕਰਨ ਅਤੇ ਗੰਨਾ ਕਾਸ਼ਤਕਾਰਾਂ ਨੂੰ ਕਿਰਾਏ ’ਤੇ ਮਸ਼ੀਨਰੀ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ। ਇਸ ਨਾਲ ਹਾਰਵੈਸਟਰ ਮਾਲਕਾਂ ਦੀ ਆਮਦਨ ਵਧ ਸਕਦੀ ਹੈ ਅਤੇ ਗੰਨਾ ਕਾਸ਼ਤਕਾਰਾਂ ਨੂੰ ਲੋੜੀਂਦੀ ਮਸ਼ੀਨਰੀ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਿਜਾਈ ਵਾਲੀ ਮਸ਼ੀਨ ਸਮੇਤ ਹੋਰ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਗੰਨਾ ਵਿਕਾਸ ਅਧਿਕਾਰੀ ਬਿਕਰਮਜੀਤ ਸਿੰਘ ਖਹਿਰਾ ਨੇ ਗੰਨੇ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਹਾਰਵੈਸਟਰ ਮਾਲਕਾਂ ਦੀਆਂ ਦਿੱਕਤਾਂ ਦੂਰ ਕਰਨ ਲਈ ਮਿੱਲ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਗੰਨਾ ਹਾਰਵੈਸਟਰ ਮਾਲਕਾਂ ਨੇ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਮਸ਼ੀਨੀਕਰਨ ਲਈ ਸ਼ੁਰੂ ਕੀਤੀ ਜਾਣ ਵਾਲੀ ਕਿਸੇ ਵੀ ਯੋਜਨਾ ਵਿੱਚ ਪਹਿਲਾਂ ਤੋਂ ਕੇਨ ਹਾਰਵੈਸਟਰ ਚਲਾ ਰਹੇ ਉੱਦਮੀ ਕਿਸਾਨਾਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨੇ ਦੀ ਅਦਾਇਗੀ ਦੀ ਪ੍ਰਕਿਰਿਆ ਵਿੱਚ ਸੁਧਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਿੱਜੀ ਖੰਡ ਮਿੱਲਾਂ ਦੀ ਤਰਫ਼ੋਂ ਕਿਸਾਨਾਂ ਨੂੰ ਦਿੱਤੀ ਜਾਂਦੀ ਸਰਕਾਰੀ ਸਬਸਿਡੀ ਦਾ ਭੁਗਤਾਨ ਗੰਨੇ ਦੀ ਕੀਮਤ ਦੇ ਨਾਲ ਹੀ ਕੀਤਾ ਜਾਵੇ, ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮਿੱਲ ਅਧਿਕਾਰੀਆਂ ਨੇ ਡਾ. ਅਮਰੀਕ ਸਿੰਘ ਨੂੰ ਸਰਕਾਰੀ ਸੇਵਾ ਤੋਂ ਸੇਵਾਮੁਕਤੀ ਉਪਰੰਤ ਸਨਮਾਨਿਤ ਕੀਤਾ। ਮੀਟਿੰਗ ਵਿੱਚ ਗੰਨਾ ਵਿਕਾਸ ਅਧਿਕਾਰੀ ਬਿਕਰਮਜੀਤ ਸਿੰਘ ਖੈਹਰਾ, ਗੰਨਾ ਇੰਸਪੈਕਟਰ ਮਨਦੀਪ ਸਿੰਘ, ਵਿਸ਼ਾਲ ਕੁਮਾਰ ਅਤੇ ਕੇਨ ਹਾਰਵੈਸਟਰ ਮਾਲਕ ਹਾਜ਼ਰ ਸਨ।