ਘੁਮਾਣ ਬਾਜ਼ਾਰ ’ਚ ਗਿਆਨੀ ਬਰਤਨ ਸਟੋਰ ’ਤੇ ਲੱਗੀ ਭਿਆਨਕ ਅੱਗ ਘੁਮਾਣ ਬਾਜ਼ਾਰ ਵਿੱਚ ਗਿਆਨੀ ਬਰਤਨ ਸਟੋਰ ’ਤੇ ਲੱਗੀ ਭਿਆਨਕ ਅੱਗ
Publish Date: Fri, 27 Nov 2026 05:50 PM (IST)
Updated Date: Sat, 28 Nov 2026 04:08 AM (IST)
ਫੋਟੋ ;27ਬੀਟੀਐਲ19 ਗਿਆਨੀ ਬਰਤਨ ਸਟੋਰ ਨੂੰ ਲੱਗੀ ਭਿਆਨਕ ਤਸਵੀਰ। ਫੋਟੋ ;27ਬੀਟੀਐਲ20 ਪਰਿਵਾਰ ਨਾਲ ਹਮਦਰਦੀ ਕਰਨ ਪਹੁੰਚੇ ਸਾਬਕਾ ਵਿਧਾਇਕ ਲਾਡੀ। * ਲੱਖਾਂ ਰੁਪਏ ਦਾ ਸਾਮਾਨ ਸੜ ਕੇ ਹੋਇਆ ਸੁਆਹ ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ ਘੁਮਾਣ : ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਕਸਬਾ ਘੁਮਾਣ ਦੇ ਮੇਨ ਬਾਜ਼ਾਰ ’ਚ ਭਾਂਡਿਆਂ ਦੀ ਮਸ਼ਹੂਰ ਦੁਕਾਨ ਗਿਆਨੀ ਬਰਤਨ ਸਟੋਰ ’ਤੇ ਅੱਜ ਸਵੇਰੇ ਤੜਕਸਾਰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਦੁਕਾਨ ’ਤੇ ਪਿਆ ਸਾਰਾ ਲੱਖਾਂ ਦਾ ਸਾਮਾਨ ਸੜਕੇ ਸੁਆਹ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਗਿਆਨੀ ਬਰਤਨ ਸਟੋਰ ਦੇ ਮਾਲਕ ਜਸਵਿੰਦਰਪਾਲ ਸਿੰਘ ਪੁੱਤਰ ਜਥੇਦਾਰ ਸੌਦਾਗਰ ਸਿੰਘ ਵਾਸੀ ਘੁਮਾਣ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਬੀਤੀ ਰਾਤ 7 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ ਅਤੇ ਸਾਡਾ ਘਰ ਦੁਕਾਨ ਦੇ ਨਾਲ ਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਪੌਣੇ ਚਾਰ ਵਜੇ ਦੇ ਕਰੀਬ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ’ਚ ਅੱਗ ਲੱਗ ਗਈ ਹੈ ਜਦ ਆ ਕੇ ਵੇਖਿਆ ਤਾਂ ਦੁਕਾਨ ਦੇ ਅਗਲੇ ਪਾਸੇ ਭਿਆਨਕ ਅੱਗ ਲੱਗੀ ਸੀ। ਉਨ੍ਹਾਂ ਦੱਸਿਆ ਕਿ ਵੇਖਦਿਆਂ ਹੀ ਵੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ’ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਅੱਗ ਬੁਝਾਉਣ ਦਾ ਯਤਨ ਕੀਤਾ ਗਿਆ, ਪਰ ਅੱਗ ਬਹੁਤ ਭਿਆਨਕ ਸੀ। ਉਸ ਤੋਂ ਬਾਅਦ ਫਾਇਰ ਬਿਗ੍ਰੇਡ ਬਟਾਲਾ ਤੇ ਡੇਰਾ ਬਿਆਸ ਦੀਆਂ ਚਾਰ ਗੱਡੀਆਂ ਵੱਲੋਂ ਜੱਦੋ-ਜ਼ਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਜਸਵਿੰਦਰ ਪਾਲ ਨੇ ਦੱਸਿਆ ਕਿ ਭਿਆਨਕ ਅੱਗ ਕਾਰਨ ਦੁਕਾਨ ’ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਦੁਕਾਨ ਦੀ ਬਿਲਡਿੰਗ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਦੱਸਿਆ ਕਿ ਭਿਆਨਕ ਅੱਗ ਕਾਰਨ ਕਰੀਬ 1 ਕਰੋੜ ਤੋਂ ਵੀ ਵੱਧ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਦੁਕਾਨ ਦੀ ਉਪਰਲੀ ਬਿਲਡਿੰਗ ਤੇ ਦੁਕਾਨ ਦੇ ਨਾਲ ਲੱਗਦੇ ਘਰਾਂ ਦੀਆ ਕੰਧਾਂ, ਘਰ ’ਚ ਪਏ ਸੋਫੇ, ਫਰਨੀਚਰ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਇਸ ਸਬੰਧੀ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਮੌਕੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਦਾ ਦਫ਼ਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਜਾਂ ਘੁਮਾਣ ’ਚ ਵੀ ਬਣਾਇਆ ਜਾਵੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਹਰ ਸੰਭਵ ਮਦਦ ਕੀਤੀ ਜਾਵੇਗੀ। ਦਰਬਾਰ ਕਮੇਟੀ ਦੇ ਸਕੱਤਰ ਸੁਖਵਿੰਦਰ ਸਿੰਘ ਲਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਦਾ ਦਫ਼ਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਜਾਂ ਘੁਮਾਣ ’ਚ ਵੀ ਬਣਾਇਆ ਜਾਵੇ ਤਾਂ ਜੋ ਅਚਾਨਕ ਵਾਪਰੇ ਹਾਦਸੇ ’ਚ ਬਚਾਅ ਹੋ ਸਕੇ।