- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਦੇ ਖਿਲਾਫ ਮਾਨ ਨਗਰ ਨਿਵਾਸੀਆਂ ਨੇ ਵਜਾਇਆ ਬਿਗਲ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਦੇ ਮਾਨ ਨਗਰ ’ਚ ਕਥਿਤ ਤੌਰ ’ਤੇ ਵੱਧ ਰਹੀਆਂ ਨਸ਼ਾ ਸਬੰਧੀ ਗਤੀਵਿਧੀਆਂ ਨੂੰ ਲੈ ਕੇ ਅੱਜ ਸਥਾਨਕ ਨਿਵਾਸੀਆਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਮਾਨ ਨਗਰ ਦੇ ਮੋਹਤਬਰ ਵਿਅਕਤੀਆਂ, ਬਜ਼ੁਰਗਾਂ ਅਤੇ ਮੁਹੱਲਾ ਨਿਵਾਸੀਆਂ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ’ਚ ਵੱਡੀ ਗਿਣਤੀ ’ਚ ਬੁੱਧੀਜੀਵੀ ਲੋਕ ਸ਼ਾਮਲ ਹੋਏ। ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਲਾਕੇ ਵਿੱਚ ਬਾਹਰੋਂ ਆਉਣ ਵਾਲੇ ਸ਼ੱਕੀ ਵਿਅਕਤੀਆਂ ਕਾਰਨ ਮੁਹੱਲੇ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ ਹੈ। ਨਸ਼ਾ ਲੈਣ ਆਉਣ ਵਾਲੇ ਵਿਅਕਤੀਆਂ ਵੱਲੋਂ ਇਲਾਕੇ ’ਚ ਚੋਰੀਆਂ, ਲੜਾਈ-ਝਗੜੇ ਅਤੇ ਗਾਲੀ-ਗਲੋਚ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਮੁਹੱਲੇ ਦੀਆਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਹਰ ਵਰਗ ਦੇ ਲੋਕ ਇਸ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਇਸ ਇਕੱਠ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮਾਨ ਨਗਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਪੁਲਿਸ ਗਸ਼ਤ ਵਧਾਈ ਜਾਵੇ, ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਵੇ ਅਤੇ ਨਸ਼ਾ ਵੇਚਣ ਵਾਲੇ ਕਥਿਤ ਅਨਸਰਾਂ ਖਿਲਾਫ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।ਇਸ ਮੌਕੇ ਮਾਨ ਨਗਰ ਦੇ ਮੌਜੂਦਾ ਐੱਮਸੀ ਸੋਨੂੰ ਵਾਹਲਾ, ਸਾਬਕਾ ਸਰਪੰਚ ਸੇਵਾ ਰਾਮ, ਸਾਧੂ ਸਿੰਘ ਪੁੰਨੀ, ਪ੍ਰਭਜਿੰਦਰ ਸਿੰਘ ਬਾਜਵਾ, ਹੈਪੀ ਬਾਜਵਾ, ਡਾ. ਸੁਭਾਸ਼ ਚੰਦਰ, ਸੁਦੇਸ਼ ਸ਼ਰਮਾ, ਸਤਪਾਲ ਸ਼ਰਮਾ, ਬਲਵੰਤ ਸਿੰਘ, ਜਤਿੰਦਰ ਕੁਮਾਰ, ਪ੍ਰਧਾਨ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ ਖਹਿਰਾ, ਬਲਜੀਤ ਸਿੰਘ, ਰਾਜੀਵ ਸ਼ਰਮਾ, ਜਸਵਿੰਦਰ ਸਿੰਘ, ਹਰਭੇਜ ਸਿੰਘ, ਸਚਿਨ ਕੁਮਾਰ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ’ਚ ਮੁਹੱਲਾ ਨਿਵਾਸੀ ਹਾਜ਼ਰ ਸਨ। ਉਕਤ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਥਾਣਾ ਸਿਵਲ ਲਾਾਈਨ ਦੇ ਐੱਸਐੱਚਓ ਨੂੰ ਵੀ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ।
ਪੁਲਿਸ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ: ਥਾਣਾ ਮੁਖੀ ਲਖਵਿੰਦਰ ਸਿੰਘ
ਇਸ ਸਬੰਧੀ ਐੱਸਐੱਚਓ ਸਿਵਲ ਲਾਈਨ ਲਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਬੀਤੇ ਦਿਨੀਂ ਇਸ ਸਬੰਧੀ ਸਿਵਲ ਲਾਈਨ ਪੁਲਿਸ ਵੱਲੋਂ ਲਗਾਤਾਰ ਰੇਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਹੱਲੇ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਮੁਹੱਲਾ ਵਾਸੀਆਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਸਮੇਂ ਤੱਤਪਰ ਹੈ।