ਵਿਅਕਤੀ 'ਤੇ ਆਸਮਾਨੀ ਬਿਜਲੀ ਡਿੱਗੀ, ਮੌਤ
ਵਿਅਕਤੀ 'ਤੇ ਆਸਮਾਨੀ ਬਿਜਲੀ ਡਿੱਗੀ, ਮੌਤ
Publish Date: Thu, 15 Oct 2026 04:17 PM (IST)
Updated Date: Thu, 15 Oct 2026 04:18 PM (IST)
ਰਵਿੰਦਰ ਠਾਕੁਰ, ਪੰਜਾਬੀ ਜਾਗਰਣ ਬਹਿਰਾਮਪੁਰ: ਕਸਬਾ ਬਹਿਰਾਮਪੁਰ ਦੇ ਅਧੀਨ ਪੈਂਦੇ ਪਿੰਡ ਸਾਂਦੜ ਵਿੱਚ ਇੱਕ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਆਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ। ਉਹ ਆਪਣੇ ਖੇਤਾਂ ਵਿੱਚ ਝੋਨਾ ਭਰਨ ਦੇ ਕੰਮ ਵਿੱਚ ਲੱਗਾ ਹੋਇਆ ਸੀ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ ਅੱਠ ਵਜੇ ਅਚਾਨਕ ਆਸਮਾਨੀ ਬਿਜਲੀ ਸਤਨਾਮ ਸਿੰਘ ਤੇ ਡਿੱਗ ਗਈ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਸਤਨਾਮ ਸਿੰਘ ਬਹਿਰਾਮਪੁਰ ਵਿੱਚ ਆਪਣੀ ਆਟੋ ਇਲੈਕਟ੍ਰੀਕਲ ਦੀ ਦੁਕਾਨ ਚਲਾਉਂਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤ ਕਾਰਨ ਹੋਈ ਇਸ ਮੌਤ ਤੇ ਪਰਿਵਾਰ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਪੀੜਤ ਪਰਿਵਾਰ ਦੀ ਕੁਝ ਮਦਦ ਹੋ ਸਕੇ। ਪੁਲਿਸ ਨੇ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।