- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਨੇੜੇ ਨੈਸ਼ਨਲ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ

ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਦੇ ਪਿੰਡ ਗਿੱਲਾਂਵਾਲੀ ਨੇੜੇ ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਇੱਕ ਨਿੱਜੀ ਬੱਸ ਇੱਕ ਲੋਡਿਡ ਟਿੱਪਰ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿੱਚ ਸਵਾਰ ਲਗਭਗ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇੱਕ ਹੋਰ ਬੱਸ ਇਸ ਹਾਦਸੇ ਦੌਰਾਨ ਇੱਕ ਟੈਂਪੂ ਨੂੰ ਬਚਾਉਂਦੀ ਹੋਈ ਨੀਵੇਂ ਥਾਂ ਜਾ ਫਸੀ ਅਤੇ ਪਲਟਨ ਤੋਂ ਬਚ ਗਈ। ਇਸ ਹਾਦਸੇ ਦੌਰਾਨ ਦੋ ਕਾਰਾਂ ਵੀ ਬੱਸ ਟਰੱਕ ਦੀ ਲਪੇਟ ਚ ਆਉਣ ਨਾਲ ਹਾਦਸਾ ਗ੍ਰਸਤ ਹੋ ਗਈਆਂ। ਇਸ ਹਾਦਸੇ ’ਚ ਛੇ ਜਣੇ ਜ਼ਖਮੀ ਹੋ ਗਏ ਹਨ।ਜ਼ਖਮੀਆਂ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ। ਬੱਸ ਡਰਾਈਵਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਬਟਾਲਾ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਲਗਭਗ 20 ਯਾਤਰੀ ਸਵਾਰ ਸਨ ਅਤੇ ਕੁਝ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਬੱਸ ਕੰਡਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆ ਰਹੀ ਸੀ। ਬੱਸ ਆਮ ਰਫ਼ਤਾਰ ਨਾਲ ਚੱਲ ਰਹੀ ਸੀ, ਪਰ ਹਾਦਸਾ ਉਦੋਂ ਵਾਪਰਿਆ, ਜਦੋਂ ਬਟਾਲਾ ਦੇ ਗਿੱਲਾਂਵਾਲੀ ਪਿੰਡ ਨੇੜੇ ਇੱਕ ਵੱਡਾ ਵਾਹਨ ਸਾਹਮਣੇ ਆ ਗਿਆ। ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਦਲਬੀਰ ਸਿੰਘ, ਕਾਂਸਟੇਬਲ ਰਮਨਦੀਪ ਕੌਰ ,ਕਾਂਸਟੇਬਲ ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ ’ਤੇ ਗਿੱਲਾਂਵਾਲੀ ਨੇੜੇ ਹਾਦਸਾ ਵਾਪਰਿਆ ਹੈ, ਜਿਸ ’ਤੇ ਐੱਸਐੱਸਐੱਫ ਦੀ ਟੀਮ ਨੇ ਮੌਕੇ ਤੇ ਦੇਖਿਆ ਕਿ ਇੱਕ ਪ੍ਰਾਈਵੇਟ ਬੱਸ ਜੋ ਮੀਂਹ ਕਾਰਨ ਆਪਣਾ ਸੰਤੁਲਨ ਖੋਹ ਬੈਠੀ ਸੀ, ਨੇ ਦੋ ਕਾਰਾਂ ਨੂੰ ਟੱਕਰ ਮਾਰੀ। ਉਸ ਤੋਂ ਬਾਅਦ ਇੱਕ ਟਿੱਪਰ’ ਚ ਜਾ ਵੱਜੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਇੱਕ ਪੀਆਰਟੀਸੀ ਦੀ ਬੱਸ ਵੀ ਹਾਦਸੇ ਦੌਰਾਨ ਆਪਣੇ ਆਪ ਨੂੰ ਬਚਾਉਂਦੀ ਹੋਈ ਨੀਵੇਂ ਥਾਂ ਜਾ ਫਸੀ । ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਹਾਈਡਰਾ ਦੀ ਮਦਦ ਨਾਲ ਹਾਈਵੇ ਤੋਂ ਹਟਾ ਕੇ ਟਰੈਫਿਕ ਮੁੜ ਚਾਲੂ ਕੀਤੀ। ਏਐੱਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਜਾਨੀ ਨੁਕਸਾਨ ਦਾ ਵੱਡਾ ਬਚਾਅ ਹੋ ਗਿਆ ਹੈ ਅਤੇ ਇਸ ਸਬੰਧੀ ਨੋਸ਼ਹਿਰਾ ਮੱਝਾ ਸਿੰਘ ਦੀ ਪੁਲਿਸ ਕਾਰਵਾਈ ਕਰ ਰਹੀ ਹੈ। ਉਧਰ ਬਟਾਲਾ ਦੇ ਐੱਸਐੱਮਓ ਡਾ. ਮਨਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ।