- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਤਿਹਗੜ੍ਹ ਚੂੜੀਆਂ ਵਿੱਚ ਵੱਡਾ ਹਾਦਸਾ, ਅਣਗਹਿਲੀ ਨਾਲ ਚੱਲਦੇ ਟਿੱਪਰ ਨੇ ਮਚਾਈ ਤਬਾਹੀ,

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫਤਿਹਗੜ੍ਹ ਚੂੜੀਆਂ : ਫਤਿਹਗੜ੍ਹ ਚੂੜੀਆਂ ਦੇ ਡੇਰਾ ਰੋਡ ਸਥਿਤ ਹਵੇਲੀਆਂ ਚੌਂਕ ਨੇੜੇ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ ਕੋਈ ਜਾਨੀ ਨੁਕਾਸਨ ਤਾਂ ਨਹੀਂ ਹੋਇਆ ਪਰ ਬਿਜਲੀ ਦੋ ਟ੍ਰਾਂਸਫਾਰਮ ਅਤੇ ਕਈ ਬਿਜਲੀ ਦੇ ਪੋਲ ਟੁੱਟ ਕੇ ਹੇਠਾਂ ਡਿੱਗ ਪਏ । ਹਾਦਸਾ ਓਦੋਂ ਵਾਪਰਿਆ ਜਦੋਂ ਇੱਕ ਟਿੱਪਰ ਡ੍ਰਾਈਵਰ ਗਟਕਾ ਉਤਾਰ ਕੇ ਆ ਰਿਹਾ ਸੀ ਤੇ ਉਸਦੀ ਗੰਭੀਰ ਅਣਗਹਿਲੀ ਕਾਰਨ ਇਲਾਕੇ ਵਿੱਚ ਭਾਰੀ ਨੁਕਸਾਨ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਟਿੱਪਰ ਚਾਲਕ ਥਾਣੇ ਵਾਲੇ ਪਾਸੇ ਮਾਲ (ਗਟਕਾ) ਅਨਲੋਡ ਕਰਨ ਤੋਂ ਬਾਅਦ ਵਾਪਸੀ ਸਮੇਂ ਟਿੱਪਰ ਦਾ ਜੈੱਕ ਲਿਫਟ ਹੇਠਾਂ ਕਰਨਾ ਭੁੱਲ ਗਿਆ। ਉਹ ਚੁੱਕੇ ਹੋਏ ਦੋ-ਮੰਜ਼ਿਲਾ ਉੱਚੇ ਟਰਾਲੇ ਨਾਲ ਹੀ ਟਿੱਪਰ ਨੂੰ ਸੜਕ 'ਤੇ ਦੌੜਾ ਕੇ ਲੈ ਆਇਆ। ਇਸ ਦੌਰਾਨ ਰਸਤੇ ਵਿੱਚ ਆਉਂਦੀਆਂ ਬਿਜਲੀ ਦੀਆਂ ਮੁੱਖ ਤਾਰਾਂ, ਕਈ ਖੰਭੇ, ਮੀਟਰ ਬਾਕਸ ਅਤੇ ਦੋ ਵੱਡੇ ਟਰਾਂਸਫਾਰਮਰ ਟਿੱਪਰ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਤਬਾਹ ਹੋ ਕੇ ਹੇਠਾਂ ਡਿੱਗ ਗਏ।
ਮੀਂਹ ਕਾਰਨ ਟਲਿਆ ਵੱਡਾ ਜਾਨੀ ਨੁਕਸਾਨ : ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਸਮੇਂ ਇਲਾਕੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਸੜਕ ’ਤੇ ਬੱਚਿਆਂ ਅਤੇ ਹੋਰ ਲੋਕਾਂ ਦੀ ਆਵਾਜਾਈ ਕਾਫ਼ੀ ਘੱਟ ਸੀ ਅਤੇ ਬਿਜਲੀ ਵੀ ਬੰਦ ਸੀ। ਜੇਕਰ ਬਾਰਿਸ਼ ਨਾ ਹੁੰਦੀ ਅਤੇ ਬਿਜਲੀ ਦੀ ਲਾਈਨ ਚਾਲੂ ਹੁੰਦੀ, ਤਾਂ ਇੱਥੇ ਕੋਈ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਬਿਜਲੀ ਬੋਰਡ ਦੀ ਹੜਤਾਲ ਕਾਰਨ ਲੋਕ ਪਰੇਸ਼ਾਨ : ਇਸ ਹਾਦਸੇ ਤੋਂ ਬਾਅਦ ਸਿਟੀ ਫੀਡਰ ਨਾਲ ਲੱਗਦੇ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ ਹੈ। ਦੂਜੇ ਪਾਸੇ ਪਾਵਰਕਾਮ (ਬਿਜਲੀ ਬੋਰਡ) ਦੇ ਜੇਈ, ਲਾਈਨਮੈਨ, ਸਹਾਇਕ ਲਾਈਨਮੈਨ ਅਤੇ ਸਮੁੱਚਾ ਫੀਲਡ ਸਟਾਫ਼ ਹੜਤਾਲ ’ਤੇ ਹੋਣ ਕਾਰਨ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।
1912 ’ਤੇ ਵਾਰ-ਵਾਰ ਸ਼ਿਕਾਇਤਾਂ ਕਰਨ ’ਤੇ ਵੀ ਨਹੀਂ ਹੋ ਰਹੀ ਸੁਣਵਾਈ : ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਹੈਲਪਲਾਈਨ ਨੰਬਰ 1912 ’ਤੇ ਕਈ-ਕਈ ਵਾਰ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਵੀ ਬਿਜਲੀ ਠੀਕ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਕੋਈ ਠੋਸ ਜਵਾਬ ਮਿਲ ਰਿਹਾ ਹੈ। ਹੜਤਾਲ ਦੇ ਬਹਾਨੇ ਲੋਕਾਂ ਨੂੰ ਭਾਰੀ ਗਰਮੀ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਣਗਹਿਲੀ ਵਰਤਣ ਵਾਲੇ ਟਿੱਪਰ ਚਾਲਕ ਅਤੇ ਮਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹੋਏ ਨੁਕਸਾਨ ਦੀ ਭਰਪਾਈ ਮਾਲਕਾਂ ਕੋਲੋਂ ਕਰਵਾਈ ਜਾਵੇ। ਇਸ ਸਬੰਧੀ ਜਦੋਂ ਚੀਫ ਇੰਜੀਨੀਅਰ ਬਾਰਡਰ ਜ਼ੋਨ ਸੁਰਿੰਦਰ ਕੁਮਾਰ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬਿਜਲੀ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਬਾਰੇ ਦੱਸਦਿਆਂ ਆਪਣੇ ਪੱਧਰ ’ਤੇ ਹੀ ਮਸਲਾ ਹੱਲ ਕਰਨ ਦੀ ਗੱਲ ਕਹੀ।