ਅਨਾਜ ਮੰਡੀ ਦੇ ਮੁੱਖ ਗੇਟ ਮੀਂਹ ਦੇ ਪਾਣੀ ਨਾਲ ਹੋਏ ਜਲਥਲ ਅਨਾਜ ਮੰਡੀ ਦੇ ਮੁੱਖ ਗੇਟ ਮੀਂਹ ਦੇ ਪਾਣੀ ਨਾਲ ਹੋਏ ਜਲਥਲ
Publish Date: Sun, 11 Oct 2026 03:18 PM (IST)
Updated Date: Sun, 11 Oct 2026 03:20 PM (IST)
---ਕਿਸਾਨ, ਆੜ੍ਹਤੀ ਤੇ ਮੰਡੀ ਅਮਲਾ ਪਰੇਸ਼ਾਨ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਬਾਰਡਰ ਏਰੀਏ ਦੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਦੇ ਮੇਨ ਗੇਟ ਮੀਂਹ ਦੇ ਪਾਣੀ ਨਾਲ ਜਲਥਲ ਹੋਣ ਕਾਰਨ ਮੰਡੀ ਵਿੱਚ ਪ੍ਰਵੇਸ਼ ਕਰਨ ਵਾਲੇ ਆੜ੍ਹਤੀਆਂ, ਕਿਸਾਨਾਂ ਅਤੇ ਮੰਡੀ ਅਮਲੇ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਦੱਸਣ ਯੋਗ ਹੈ ਕਿ ਬਰਸਾਤੀ ਮੌਸਮ ਦੌਰਾਨ ਹਰ ਵਾਰ ਅਨਾਜ ਮੰਡੀ ਦੇ ਕਲਾਨੌਰ-ਬਟਾਲਾ ਮਾਰਗ ਤੇ ਸਥਿਤ ਮੁੱਖ ਗੇਟਾਂ ਮੂਹਰੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਮਾਰਕੀਟ ਕਮੇਟੀ ਅਤੇ ਐੱਸਡੀਐੱਮ ਦਫ਼ਤਰ ਨੂੰ ਜਾਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਕੰਮ ਕਰਾਉਣ ਵਾਲੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਗੇਟਾਂ ਤੇ ਖੜ੍ਹੇ ਪਾਣੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬਲਜੀਤ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਤੇਜ਼ ਹੋਈ ਬਾਰਿਸ਼ ਕਾਰਨ ਮੀਂਹ ਦਾ ਪਾਣੀ ਗੇਟਾਂ ਦੇ ਸਾਹਮਣੇ ਖੜ੍ਹਾ ਹੋਣ ਕਾਰਨ ਭੈਣ ਦਲ ਅਤੇ ਦੋ ਪਹੀਆ ਵਾਹਨਾਂ ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਵੀ ਜਦੋਂ ਬਾਰਿਸ਼ ਆਉਂਦੀ ਹੈ ਤਾਂ ਪਾਣੀ ਗੇਟ ਦੇ ਮੂਹਰੇ ਖੜ੍ਹ ਜਾਂਦਾ ਹੈ। ਇਸ ਮੌਕੇ ਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਗੇਟਾਂ ਮੂਹਰੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਅਤੇ ਐਸਡੀਐਮ ਦਫ਼ਤਰ ਆਉਣ-ਜਾਣ ਵਾਲੇ ਕਰਮਚਾਰੀਆਂ ਨੂੰ ਰਾਹਤ ਮਿਲ ਸਕੇ।