- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਮਹੀਨੇ ਪਹਿਲਾਂ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ ਮਹਿਕਪ੍ਰੀਤ ਅਤੇ ਦਵਿੰਦਰ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਰਾਮਸਿੰਘਪੁਰ ਥਾਣਾ ਖੇਤਰ ਵਿੱਚ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਲਾਈਨ 'ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਰਾਜਸਥਾਨ ਪੁਲਿਸ ਨੇ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਥਾਣਾ ਕਲਾਨੌਰ ਦੇ ਤਹਿਤ ਆਉਂਦੇ ਸਰਹੱਦੀ ਪਿੰਡਾਂ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਦੇ ਪਰਿਵਾਰ ਵੀ ਸਾਹਮਣੇ ਆਏ ਹਨ। ਉਨ੍ਹਾਂ ਨੇ ਬਲਾਸਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
ਮੁਲਜ਼ਮ ਦਵਿੰਦਰ ਸਿੰਘ ਵਾਸੀ ਚੌੜੇਕਲਾਂ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਦੋ ਮਹੀਨੇ ਪਹਿਲਾਂ ਪਤਾ ਲੱਗਾ ਸੀ ਕਿ ਦਵਿੰਦਰ ਦੇ ਮਹਿਕਪ੍ਰੀਤ ਨਾਲ ਸੰਬੰਧ ਹਨ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਮਹਿਕਪ੍ਰੀਤ ਦੇ ਪਿੱਛੇ ਕਿਉਂ ਲੱਗਾ ਸੀ। ਪੁਲਿਸ ਨੇ ਪਹਿਲਾਂ ਮਹਿਕਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਦਵਿੰਦਰ ਨੂੰ ਵੀ ਫੜ ਲਿਆ ਗਿਆ। ਦਵਿੰਦਰ ਦੀ ਰਿਸ਼ਤੇਦਾਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸ ਦੇ ਮਹਿਕਪ੍ਰੀਤ ਨਾਲ ਸੰਬੰਧ ਬਣੇ ਸਨ। ਉਸ ਨਾਲ ਸੰਬੰਧ ਬਣਨ ਤੋਂ ਬਾਅਦ ਦਵਿੰਦਰ ਪਰਿਵਾਰ ਦੀ ਕੋਈ ਗੱਲ ਨਹੀਂ ਸੁਣਦਾ ਸੀ। ਮਹਿਕਪ੍ਰੀਤ ਉਸ ਨੂੰ ਜੋ ਵੀ ਕਹਿੰਦੀ ਸੀ, ਉਹ ਉਸੇ ਤਰ੍ਹਾਂ ਕਰਦਾ ਸੀ। ਉਹ ਘਰੋਂ ਇਹੀ ਕਹਿ ਕੇ ਨਿਕਲਦਾ ਸੀ ਕਿ ਉਹ ਦੋਸਤਾਂ ਨਾਲ ਬਾਹਰ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰ 1 ਨਵੰਬਰ ਨੂੰ ਘਰੋਂ ਗਿਆ ਸੀ। ਮਹਿਕਪ੍ਰੀਤ ਆਪਣੇ ਪਹਿਲੇ ਪਤੀ ਨੂੰ ਛੱਡ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਦਵਿੰਦਰ ਪਰਿਵਾਰ ਨੂੰ ਕਹਿਣ ਲੱਗਾ ਸੀ ਕਿ ਉਸ ਨੇ ਮਹਿਕਪ੍ਰੀਤ ਨਾਲ ਵਿਆਹ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਦਵਿੰਦਰ ਖੇਤੀਬਾੜੀ ਦਾ ਕੰਮ ਕਰਨ ਲੱਗਾ ਸੀ। ਪਰਿਵਾਰ ਨੂੰ ਉਹ ਇਹੀ ਕਹਿ ਕੇ ਨਿਕਲਿਆ ਸੀ ਕਿ ਉਹ ਦੋਸਤ ਦੀ ਇੰਟਰਵਿਊ ਲਈ ਦਿੱਲੀ ਜਾ ਰਿਹਾ ਹੈ। ਉਹ ਕਰੀਬ ਪੰਜ ਦਿਨ ਬਾਅਦ ਘਰ ਵਾਪਸ ਆਇਆ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਦਵਿੰਦਰ ਕਹਿੰਦਾ ਸੀ ਕਿ ਮਹਿਕਪ੍ਰੀਤ ਨੇ ਉਸ ਨੂੰ ਇੱਕ ਲੱਖ ਰੁਪਏ ਦੇਣੇ ਹਨ। ਪੈਸਿਆਂ ਦੇ ਚੱਕਰ ਵਿੱਚ ਹੀ ਉਹ ਮਹਿਕਪ੍ਰੀਤ ਦੀਆਂ ਗੱਲਾਂ ਵਿੱਚ ਆ ਗਿਆ ਹੋਵੇਗਾ।
--ਘਰੋਂ ਅਕਸਰ ਗਾਇਬ ਰਹਿੰਦੀ ਸੀ ਮਹਿਕਪ੍ਰੀਤ—
ਦੂਜੇ ਪਾਸੇ ਮਹਿਕਪ੍ਰੀਤ ਕੌਰ ਵਾਸੀ ਦੋਸਤਪੁਰ ਦੇ ਪਿਤਾ ਤਿਰਲੋਕ ਸਿੰਘ ਨੇ ਦੱਸਿਆ ਕਿ ਉਹ ਅਕਸਰ ਘਰੋਂ ਚਲੀ ਜਾਂਦੀ ਸੀ। ਉਹ ਕਰੀਬ ਪੰਜ ਦਿਨ ਪਹਿਲਾਂ ਹੀ ਘਰ ਵਾਪਸ ਆਈ ਸੀ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਨੂੰ ਕੁਝ ਨਹੀਂ ਦੱਸਦੀ ਸੀ। ਜੇਕਰ ਉਹ ਉਸ ਨੂੰ ਕੁਝ ਪੁੱਛਦੇ ਵੀ ਸਨ, ਉਹ ਅੱਗੇ ਤੋਂ ਗਲਤ ਬੋਲਦੀ ਸੀ। ਇਸ ਲਈ ਪਰਿਵਾਰ ਉਸ ਨਾਲ ਘੱਟ ਗੱਲ ਕਰਦਾ ਸੀ। ਉਹ ਬਹਾਨਾ ਲਾ ਕੇ ਘਰੋਂ ਨਿਕਲ ਜਾਂਦੀ ਸੀ ਅਤੇ ਹਫ਼ਤਾ-ਹਫ਼ਤਾ ਵਾਪਸ ਨਹੀਂ ਸੀ ਆਉਂਦੀ। ਉਨ੍ਹਾਂ ਨੂੰ ਵੀ ਪੁਲਿਸ ਤੋਂ ਹੀ ਜਾਣਕਾਰੀ ਮਿਲੀ ਹੈ ਕਿ ਉਸ ਨੇ ਉਸ ਤਰ੍ਹਾਂ ਦਾ ਕੰਮ ਕੀਤਾ ਹੈ।
ਮਹਿਕਪ੍ਰੀਤ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਸੀ। ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕੀ ਕਰਦੀ ਸੀ। ਉਨ੍ਹਾਂ ਦੱਸਿਆ ਕਿ ਉਹ ਬਾਰ੍ਹਵੀਂ ਪਾਸ ਹੈ। ਮਹਿਕਪ੍ਰੀਤ ਨੇ ਦੋ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਗਰੀਬ ਦੇ ਪਿੰਡ ਬਾਊਪੁਰ ਵਿੱਚ ਲਵ ਮੈਰਿਜ ਕਰਵਾਈ ਸੀ ਪਰ ਛੇ ਮਹੀਨੇ ਬਾਅਦ ਹੀ ਉਸ ਦਾ ਤਲਾਕ ਹੋ ਗਿਆ ਸੀ ਅਤੇ ਉਸ ਦਾ ਪਤੀ ਵੀ ਜੇਲ੍ਹ ਵਿੱਚ ਬੰਦ ਹੈ। ਉਹ ਤਦ ਤੋਂ ਉਨ੍ਹਾਂ ਕੋਲ ਹੀ ਰਹਿ ਰਹੀ ਹੈ। ਉਨ੍ਹਾਂ ਨੂੰ ਉਸ ਦੇ ਦਵਿੰਦਰ ਨਾਲ ਸੰਬੰਧਾਂ ਦੀ ਕੋਈ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ, ਦੋਵੇਂ ਕਿਤੇ ਬਾਹਰ ਮਿਲਦੇ ਰਹਿੰਦੇ ਹੋਣ। ਉਨ੍ਹਾਂ ਦੱਸਿਆ ਕਿ ਧੀ ਪਰਿਵਾਰ ਦੀ ਕੋਈ ਗੱਲ ਨਹੀਂ ਸੁਣਦੀ ਸੀ। ਬਲਾਸਟ ਤੋਂ ਕਰੀਬ ਦੋ ਦਿਨ ਪਹਿਲਾਂ ਉਹ ਘਰੋਂ ਕਿਤੇ ਗਈ ਸੀ ਅਤੇ ਪੰਜ-ਛੇ ਦਿਨ ਬਾਅਦ ਵਾਪਸ ਆਈ ਸੀ। ਪਰਿਵਾਰ ਦੇ ਪੁੱਛਣ 'ਤੇ ਉਹ ਇਹੀ ਕਹਿੰਦੀ ਸੀ ਕਿ ਉਹ ਸਹੇਲੀਆਂ ਨੂੰ ਮਿਲਣ ਗਈ ਸੀ। ਪਤਾ ਲੱਗਾ ਹੈ ਕਿ ਮਹਿਕਪ੍ਰੀਤ ਦੇ ਚਾਚੇ ਦਾ ਪੁੱਤਰ ਗੁਰਸਾਹਿਬ ਸਿੰਘ ਨਸ਼ੇ ਅਤੇ ਆਰਮਜ਼ ਐਕਟ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਮਹਿਕਪ੍ਰੀਤ ਉਸ ਦੇ ਨਾਲ ਵੀ ਸੰਪਰਕ ਵਿੱਚ ਸੀ। ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਮਹਿਕਪ੍ਰੀਤ ਨੂੰ ਪੈਂਟ ਸ਼ਰਟ ਪਹਿਨਣ ਦਾ ਸ਼ੌਕ ਸੀ। ਉਸ ਦੇ ਵਿਵਹਾਰ ਤੋਂ ਐਸਾ ਲੱਗਦਾ ਸੀ ਕਿ ਉਹ ਨਸ਼ੇ ਦਾ ਸੇਵਨ ਕਰਦੀ ਸੀ।