- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਦੇ ਮਾਧਵਨ ਮਹਾਜਨ ਨੇ ਨੀਟ ਵਿੱਚ 44ਵਾਂ ਰੈਂਕ ਹਾਸਲ ਕੀਤਾ

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਨੀਟ 2026 ਦੇ ਨਤੀਜੇ ਵਿੱਚ ਸ਼ਹਿਰ ਦੇ 19 ਸਾਲਾ ਮਾਧਵਨ ਮਹਾਜਨ ਨੇ ਅਖਿਲ ਭਾਰਤੀ ਰੈਂਕ 44 ਅਤੇ 696 ਅੰਕਾਂ ਦਾ ਸ਼ਾਨਦਾਰ ਸਕੋਰ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਮਾਧਵਨ ਅਜਿਹੇ ਪਰਿਵਾਰ ਤੋਂ ਆਉਂਦੇ ਹਨ ਜਿੱਥੇ ਚਿਕਿਤਸਾ ਖੇਤਰ ਵਿਰਾਸਤ ਵਿੱਚ ਮਿਲਿਆ ਹੈ। ਉਨ੍ਹਾਂ ਦੇ ਪਿਤਾ ਡਾ. ਵਿਜੇ ਮਹਾਜਨ ਰੇਡੀਓਲੋਜਿਸਟ ਹਨ, ਜਦੋਂ ਕਿ ਮਾਤਾ ਡਾ. ਜੋਤੀ ਮਹਾਜਨ ਗਾਇਨੀਕੋਲੋਜਿਸਟ ਹਨ। ਉਨ੍ਹਾਂ ਦੇ ਵੱਡੇ ਭਰਾ ਪਾਰਥ ਮਹਾਜਨ ਵੀ ਇਸੇ ਸਫ਼ਰ 'ਤੇ ਹਨ ਅਤੇ ਵਰਤਮਾਨ ਵਿੱਚ ਐੱਮਬੀਬੀਐੱਸ ਦੇ ਚੌਥੇ ਸਾਲ ਦੇ ਵਿਦਿਆਰਥੀ ਹਨ।
ਮਾਧਵਨ ਨੇ ਸਫ਼ਲਤਾ ਦਾ ਸਿਹਰਾ ਅਨੁਸ਼ਾਸਨ ਤੇ ਸੰਗਠਿਤ ਯੋਜਨਾ ਨੂੰ ਦਿੱਤਾ ਹੈ। ਉਨ੍ਹਾਂ ਅਨੁਸਾਰ ਰੋਜ਼ਾਨਾ ਅਧਿਐਨ ਟੀਚਾ ਨਿਰਧਾਰਤ ਕਰਨਾ ਤੇ ਬਿਨਾਂ ਕਿਸੇ ਟਾਲਮਟੋਲ ਦੇ ਉਨ੍ਹਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਰਣਨੀਤੀ ਦਾ ਮੂਲ ਆਧਾਰ ਸੀ। ਉਨ੍ਹਾਂ ਇਹ ਯਕੀਨੀ ਬਣਾਇਆ ਕਿ ਕੋਈ ਵੀ ਵਿਸ਼ਾ ਜਾਂ ਅਧਿਆਇ ਅਧੂਰਾ ਨਾ ਰਹੇ ਤੇ ਕੰਮਾਂ ਨੂੰ ਇਕੱਠਾ ਹੋਣ ਤੋਂ ਬਚਾਇਆ। ਰਿਵੀਜ਼ਨ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਨਸੀਈਆਰਟੀ ਦੀਆਂ ਪਾਠ-ਪੁਸਤਕਾਂ ਨੂੰ ਵਾਰ-ਵਾਰ ਪੜ੍ਹਨ ਤੇ ਆਪਣੇ ਵੱਲੋਂ ਬਣਾਏ ਨੋਟਸ 'ਤੇ ਖਾਸ ਧਿਆਨ ਦਿੱਤਾ। ਉੱਥੇ ਹੀ, ਉਨ੍ਹਾਂ ਮਾਨਸਿਕ ਤਾਜ਼ਗੀ ਲਈ ਲੁੜੀਂਦੇ ਆਰਾਮ ਨੂੰ ਵੀ ਓਨਾ ਹੀ ਮਹੱਤਵ ਦਿੱਤਾ, ਜਿੰਨਾ ਕਿ ਪੜ੍ਹਾਈ ਨੂੰ। ਉਨ੍ਹਾਂ ਨੇ ਨੀਟ 2026 ਦੇ ਪਹਿਲੇ ਸੰਸਕਰਣ ਨੂੰ ਰੱਦ ਹੋਣ 'ਤੇ ਸ਼ੁਰੂਆਤੀ ਨਿਰਾਸ਼ਾ ਸਵੀਕਾਰ ਕੀਤੀ, ਪਰ ਉਨ੍ਹਾਂ ਰੀ-ਨੀਟ ਨੂੰ ਦੂਜਾ ਮੌਕਾ ਮੰਨਦਿਆਂ ਇਸ ਨੂੰ ਚੁਣੌਤੀ ਦੀ ਬਜਾਏ ਸੰਭਾਵਨਾ ਵਜੋਂ ਦੇਖਿਆ। ਜਿਵੇਂ-ਜਿਵੇਂ ਮਾਕ ਟੈਸਟਾਂ ਵਿੱਚ ਉਨ੍ਹਾਂ ਦੇ ਅੰਕ ਬਿਹਤਰ ਹੁੰਦੇ ਗਏ, ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵੱਧਦਾ ਗਿਆ। ਉਨ੍ਹਾਂ ਦੀ ਇਹ ਦ੍ਰਿੜ੍ਹਤਾ ਅਤੇ ਸਕਾਰਾਤਮਕ ਸੋਚ ਅੰਤ ਵਿੱਚ ਸਫ਼ਲਤਾ ਦੀ ਕੁੰਜੀ ਬਣੀ। ਗੁਰਦਾਸਪੁਰ ਦੇ ਇਸ ਹੋਣਹਾਰ ਨੌਜਵਾਨ ਦੀ ਉਪਲਬਧੀ ਖੇਤਰ ਲਈ ਮਾਣ ਵਾਲੀ ਗੱਲ ਹੈ। ਮਾਧਵਨ ਹੁਣ ਦੇਸ਼ ਦੇ ਚੋਟੀ ਦੇ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਤਿਆਰ ਹਨ। ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਨੇ ਉਨ੍ਹਾਂ ਦੇ ਇਸ ਕਾਰਨਾਮੇ 'ਤੇ ਖੁਸ਼ੀ ਪ੍ਰਗਟਾਈ ਹੈ। ਮਾਧਵਨ ਅਨੁਸਾਰ ਜੇਕਰ ਤੁਸੀਂ ਆਪਣੇ ਟੀਚੇ 'ਤੇ ਫੋਕਸ ਰੱਖੋ, ਮੁਸ਼ਕਲ ਹਾਲਾਤਾਂ ਨੂੰ ਮੌਕੇ ਵਿੱਚ ਬਦਲੋ ਅਤੇ ਲਗਾਤਾਰ ਯਤਨ ਕਰੋ, ਤਾਂ ਸਫ਼ਲਤਾ ਨਿਸ਼ਚਿਤ ਹੈ।