- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਸਥਾਨਕ ਭਾਜਪਾ ਆਗੂ।

ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ
ਧਿਆਨਪੁਰ: ਭਾਜਪਾ ਪੰਜਾਬ ਵੱਲੋਂ ਪੰਜਾਬ ਚ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਯਾਤਰਾ ਦਾ ਧਿਆਨਪੁਰ ਅਤੇ ਕਸਬਾ ਕੋਟਲੀ ਸੂਰਤ ਮਲੀ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ।ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਪੰਜਾਬ ਦੀ ਜਵਾਨੀ, ਪਰਿਵਾਰਾਂ ਅਤੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ। ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਮਿਲ ਰਿਹਾ ਹੁੰਗਾਰਾ ਦਰਸਾਉਂਦਾ ਹੈ ਕਿ ਲੋਕ ਨਸ਼ਿਆਂ ਵਿਰੁੱਧ ਠੋਸ ਅਤੇ ਨਿਰਣਾਇਕ ਕਾਰਵਾਈ ਚਾਹੁੰਦੇ ਹਨ। ਕੋਟਲੀ ਸੂਰਤ ਮੱਲੀ ਵਿਖੇ ਜਸਦੀਪ ਸਿੰਘ ਰੰਧਾਵਾ ਅਤੇ ਵਿਜੈ ਸੋਨੀ ਵੱਲੋਂ ਕਰਵਾਈਆਂ ਰੈਲੀਆਂ ਦੌਰਾਨ ਔਲਖ ਨੇ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੁਝ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਸਨ। ਸਾਢੇ ਚਾਰ ਸਾਲ ਬਾਅਦ ਵੀ ਨਸ਼ਿਆਂ ਦੀ ਸਮੱਸਿਆ ਕਾਇਮ ਰਹਿਣ ’ਤੇ ਸਰਕਾਰ ਨੂੰ ਆਪਣੇ ਵਾਅਦਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਨਸ਼ਾ ਮੁਕਤ ਭਾਰਤ ਦੇ ਸੰਕਲਪ ਤਹਿਤ ਭਾਜਪਾ ਪੰਜਾਬ ਵਿੱਚ ਵੀ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਕਾਰਵਾਈ ਦੇ ਮੁੱਦੇ ਨੂੰ ਉਠਾ ਰਹੀ ਹੈ।ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸੂਬਾਈ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਕਿਹਾ ਕਿ ਨਸ਼ਿਆਂ ਦੀ ਲੜਾਈ ਨਸ਼ਾ ਪੀੜਤ ਨੌਜਵਾਨਾਂ ਵਿਰੁੱਧ ਨਹੀਂ, ਸਗੋਂ ਤਸਕਰਾਂ, ਸਪਲਾਇਰਾਂ ਅਤੇ ਪੂਰੇ ਨੈੱਟਵਰਕ ਵਿਰੁੱਧ ਹੋਣੀ ਚਾਹੀਦੀ ਹੈ।ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਯਾਤਰਾ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਤਿੰਨ ਮੋਰਚਿਆਂ ’ਤੇ ਕੰਮ ਕਰਨਾ ਜ਼ਰੂਰੀ ਹੈ—ਸਪਲਾਈ ਚੇਨ ਤੋੜਨਾ, ਨਸ਼ਾ ਪੀੜਤਾਂ ਦਾ ਪ੍ਰਭਾਵਸ਼ਾਲੀ ਇਲਾਜ ਤੇ ਪੁਨਰਵਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ, ਖੇਡਾਂ ਤੇ ਸਿਹਤਮੰਦ ਮੌਕੇ ਪੈਦਾ ਕਰਨਾ।ਇਸ ਮੌਕੇ ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਅਮਨਜੋਤ ਕੌਰ ਰਾਮੂਵਾਲੀਆ, ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ, ਪਰਮੀਤ ਸਿੰਘ ਬੇਦੀ, ਪਰਮਿੰਦਰ ਸਿੰਘ ਘਣੀਆਂ, ਵਿਜੈ ਸੋਨੀ, ਹਰਵਿੰਦਰ ਸਿੰਘ ਸੰਧੂ, ਕਮਲ ਜੋਤੀ ਅਤੇ ਪ੍ਰਦੀਪ ਸਮੇਤ ਹੋਰ ਆਗੂ ਮੌਜੂਦ ਸਨ। ਯਾਤਰਾ ਦੌਰਾਨ ਭਾਜਪਾ ਦੇ ਆਗੂਆਂ ਨੇ ਮੰਦਰ ਸ਼੍ਰੀ ਬਾਵਾ ਲਾਲ ਜੀ ਮਹਾਰਾਜ ਜੀਆਂ ਦੇ ਦਰਬਾਰ ਚ ਹਾਜ਼ਰੀ ਭਰਦਿਆਂ ਅਸ਼ੀਰਵਾਦ ਲਿਆ।