- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਕਾਲਜ ਵਿਖੇ ਸਾਹਿਤਕ ਸਮਾਗਮ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਗਿਆਨੀ ਸੋਹਣ ਸਿੰਘ ਸੀਤਲ ਨੂੰ ਸਮਰਪਿਤ ‘ਸ਼ਬਦ’ ਮੈਗਜ਼ੀਨ ਦਾ ਵਿਸ਼ੇਸ਼ ਅੰਕ ਇੱਕ ਵਿਸ਼ੇਸ਼ ਸਮਾਗਮ ਦੌਰਾਨ ਲੋਕ-ਅਰਪਣ ਕੀਤਾ ਗਿਆ। ਇਸ ਵਿਸ਼ੇਸ਼ ਅੰਕ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ, ਸਾਹਿਤਕ ਯੋਗਦਾਨ ਤੇ ਇਤਿਹਾਸਕ ਦੇਣ ਨੂੰ ਖੋਜ ਭਰਪੂਰ ਢੰਗ ਨਾਲ ਉਭਾਰਿਆ ਗਿਆ ਹੈ। ਮੈਗਜ਼ੀਨ ਦੀ ਭੂਮਿਕਾ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਲਿਖਿਆ ਹੈ ਕਿ ਗਿਆਨੀ ਸੋਹਣ ਸਿੰਘ ਸੀਤਲ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਕਿਸੇ ਇੱਕ ਵਿਧਾ ਜਾਂ ਰੂਪ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਉਹ ਪੰਜਾਬੀਅਤ ਦੇ ਭਰ ਵਗਦੇ ਦਰਿਆ, ‘ਤੂਤਾਂ ਵਾਲਾ ਖੂਹ’ ਵਰਗੀ ਠੰਢੀ ਛਾਂ ਅਤੇ ਢਾਡੀ ਜਗਤ ਦੇ ਬਾਬਾ ਬੋਹੜ ਸਨ। ਉਨ੍ਹਾਂ ਨੇ ਨਾਵਲਕਾਰ, ਵਾਰਤਾਕਾਰ, ਕਵੀਸ਼ਰ, ਢਾਡੀ ਅਤੇ ਸਿੱਖ ਇਤਿਹਾਸਕਾਰ ਵਜੋਂ ਆਪਣੀ ਅਮਿੱਟ ਪਛਾਣ ਸਥਾਪਤ ਕੀਤੀ। ਗਿਆਨੀ ਸੋਹਣ ਸਿੰਘ ਸੀਤਲ ਨੇ ਆਪਣੀ ਦਮਦਾਰ ਆਵਾਜ਼, ਵਿਲੱਖਣ ਪੇਸ਼ਕਾਰੀ ਅਤੇ ਇਤਿਹਾਸਕ ਸੂਝ ਰਾਹੀਂ ਪੰਜਾਬ ਦੇ ਇਤਿਹਾਸ ਨੂੰ ਲੋਕ-ਮਨਾਂ ਤੱਕ ਪਹੁੰਚਾਇਆ। ਇਸ ਕਰਕੇ ਉਨ੍ਹਾਂ ਨੂੰ ਪੰਜਾਬੀ ਲੋਕ-ਚੇਤਨਾ ਦਾ ਇੱਕ ਮਹੱਤਵਪੂਰਨ ਬਿਰਤਾਂਤ-ਸਿਰਜਕ ਕਿਹਾ ਜਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਨੇ ਇਕੱਤਰ ਦੇ ਕਰੀਬ ਪੁਸਤਕਾਂ ਦੀ ਸਿਰਜਣਾ ਕਰਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖਸੀ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਗਿਆਨੀ ਸੋਹਣ ਸਿੰਘ ਸੀਤਲ ਦੀ ਸਾਹਿਤਕ ਦੇਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਵਿਸ਼ੇਸ਼ ਅੰਕ ਨੂੰ ਨਵੀਂ ਪੀੜ੍ਹੀ ਲਈ ਗਿਆਨੀ ਸੋਹਣ ਸਿੰਘ ਸੀਤਲ ਦੀ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਦੱਸਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।