ਬਟਾਲਾ ’ਚ ਲੈਵਲ-3 ਆਫਸਾਈਟ ਮੌਕ ਡ੍ਰਿੱਲ ਸਫਲਤਾਪੂਰਵਕ ਕਰਵਾਈ ਬਟਾਲਾ ਵਿੱਚ ਲੈਵਲ-3 ਆਫਸਾਈਟ ਮੌਕ ਡ੍ਰਿੱਲ ਸਫਲਤਾਪੂਰਵਕ ਕਰਵਾਈ
Publish Date: Thu, 08 Oct 2026 04:11 PM (IST)
Updated Date: Thu, 08 Oct 2026 04:14 PM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਬਟਾਲਾ ਵੱਲੋਂ ਗੁਜਰਾਤ ਐਨਰਜੀ ਲਿਮਟਿਡ (ਜੀਈਐੱਲ) ਦੇ ਸਹਿਯੋਗ ਨਾਲ ਅੱਜ ਮਦਨ ਫਿਲਿੰਗ ਸਟੇਸ਼ਨ ਬਟਾਲਾ ਵਿਖੇ ਲੈਵਲ-3 ਆਫਸਾਈਟ ਮੌਕ ਡ੍ਰਿੱਲ ਕਰਵਾਈ ਗਈ। ਇਸ ਮੌਕ ਅਭਿਆਸ ਦੌਰਾਨ ਗੁਜਰਾਤ ਐਨਰਜੀ ਲਿਮਟਿਡ ਦੀ ਹਾਈ ਪ੍ਰੈਸ਼ਰ ਸਟੀਲ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਅੱਗ ਲੱਗਣ ਦੀ ਸਥਿਤੀ ਨੂੰ ਦਰਸਾਇਆ ਗਿਆ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਅਭਿਆਸ ਕੀਤਾ ਗਿਆ। ਮੌਕ ਡ੍ਰਿੱਲ ਦੌਰਾਨ ਐਮਰਜੈਂਸੀ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਮੁੱਚੀ ਕਾਰਵਾਈ ਦੀ ਨਿਗਰਾਨੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦੀ ਅਗਵਾਈ ਤਹਿਸੀਲਦਾਰ ਬਟਾਲਾ ਅਰਜੁਨ ਸਿੰਘ ਗਰੇਵਾਲ ਨੇ ਕੀਤੀ। ਇਸ ਮੌਕੇ ਗੁਜਰਾਤ ਐਨਰਜੀ ਲਿਮਟਿਡ ਵੱਲੋਂ ਚੰਦਰਕਾਂਤ ਵਾਲਾ, ਜੀਏ ਹੈੱਡ ਹੁਸ਼ਿਆਰਪੁਰ ਤੇ ਗੁਰਦਾਸਪੁਰ, ਕੌਸ਼ਲੇਂਦਰ ਸਿੰਘ ਟੈਕਨੀਕਲ ਮੈਨੇਜਰ, ਅਭਿਜੀਤ ਰਾਣਾ ਇੰਜੀਨੀਅਰ ਅਤੇ ਮਹਿਕਦੀਪ ਸਿੰਘ ਇੰਜੀਨੀਅਰ ਸਮੇਤ ਕੰਪਨੀ ਦੀ ਟੀਮ ਮੌਜੂਦ ਰਹੀ। ਗੁਜਰਾਤ ਐਨਰਜੀ ਲਿਮਟਿਡ ਵੱਲੋਂ ਚੰਦਰਕਾਂਤ ਵਾਲਾ, ਜੀਏ ਹੈੱਡ ਹੁਸ਼ਿਆਰਪੁਰ ਤੇ ਗੁਰਦਾਸਪੁਰ ਨੇ ਦੱਸਿਆ ਕਿ ਅਭਿਆਸ ਦੌਰਾਨ ਗੁਜਰਾਤ ਐਨਰਜੀ ਲਿਮਟਿਡ ਵੱਲੋਂ ਐਮਰਜੈਂਸੀ ਸਾਇਰਨ ਚਾਲੂ ਕੀਤਾ ਗਿਆ ਅਤੇ ਕੰਪਨੀ ਦੇ ਅੰਦਰੂਨੀ ਐਮਰਜੈਂਸੀ ਪ੍ਰੋਟੋਕੋਲ ਨੂੰ ਲਾਗੂ ਕੀਤਾ ਗਿਆ। ਗੈਸ ਦੇ ਵਹਾਅ ਨੂੰ ਰੋਕਣ ਲਈ ਅੱਪਸਟਰੀਮ ਅਤੇ ਡਾਊਨਸਟਰੀਮ ਵਾਲਵ ਬੰਦ ਕੀਤੇ ਗਏ। ਇਸ ਤੋਂ ਬਾਅਦ ਗੈਸ ਦੀ ਮੌਜੂਦਗੀ ਦੀ ਜਾਂਚ ਲਈ ਗੈਸ ਮਾਨੀਟਰਿੰਗ ਕੀਤੀ ਗਈ ਅਤੇ ਖੇਤਰ ਨੂੰ ਸੁਰੱਖਿਅਤ ਐਲਾਨਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਗਿਆ ਕਿ ਉੱਥੇ ਗੈਸ ਦੀ ਕੋਈ ਮੌਜੂਦਗੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਤੁਰੰਤ ਘਟਨਾ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਇਆ ਗਿਆ ਅਤੇ ਮੁੱਖ ਸੜਕ ’ਤੇ ਆਵਾਜਾਈ ਨੂੰ ਨਿਯਮਤ ਕੀਤਾ ਗਿਆ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਘਟਨਾ ਸਥਾਨ ਤੋਂ ਸੁਰੱਖਿਅਤ ਦੂਰੀ ’ਤੇ ਰੱਖਿਆ ਗਿਆ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਸਿਮਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਂਬੂਲੈਂਸ ਤੁਰੰਤ ਮੌਕੇ ’ਤੇ ਭੇਜੀ ਗਈ। ਮੌਕ ਡ੍ਰਿੱਲ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾਉਣ ਦੀ ਕਾਰਵਾਈ ਵੀ ਕੀਤੀ ਗਈ। ਫਾਇਰ ਵਿਭਾਗ ਵੱਲੋਂ ਐੱਸਐੱਫਓ ਨੀਰਜ ਕੁਮਾਰ ਦੀ ਅਗਵਾਈ ਹੇਠ ਫਾਇਰ ਟੈਂਡਰ ਤੁਰੰਤ ਘਟਨਾ ਸਥਾਨ ’ਤੇ ਪਹੁੰਚਾਏ ਗਏ। ਗੈਸ ਦੀ ਸਪਲਾਈ ਨੂੰ ਸੁਰੱਖਿਅਤ ਢੰਗ ਨਾਲ ਅਲੱਗ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ ਨੇ ਅੱਗ ਬੁਝਾਉਣ ਦੀ ਕਾਰਵਾਈ ਕੀਤੀ। ਅਭਿਆਸ ਦੌਰਾਨ ਕਰੀਬ 30 ਮਿੰਟਾਂ ਦੇ ਅੰਦਰ ਸਥਿਤੀ ਨੂੰ ਕਾਬੂ ਹੇਠ ਲਿਆਉਣ ਦਾ ਅਭਿਆਸ ਸਫਲਤਾਪੂਰਵਕ ਪੂਰਾ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੀ ਮੌਕ ਡ੍ਰਿੱਲ ਵਿੱਚ ਭਾਗ ਲਿਆ। ਸਮੁੱਚੀ ਕਾਰਵਾਈ ਦੌਰਾਨ ਵਿਭਾਗਾਂ ਵਿਚਕਾਰ ਤਾਲਮੇਲ ਨਾਲ ਐਮਰਜੈਂਸੀ ਨਾਲ ਨਜਿੱਠਣ ਦੀ ਤਿਆਰੀ ਦਾ ਪ੍ਰਦਰਸ਼ਨ ਕੀਤਾ ਗਿਆ।