- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਵਕੀਲਾਂ ਨੇ ਗਾਂਧੀ ਚੌਂਕ ਕੀਤਾ ਜਾਮ,

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਬਟਾਲਾ ਦੇ ਵਕੀਲਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਕੀਲਾਂ ਵੱਲੋਂ ਬਟਾਲਾ ਦੇ ਪ੍ਰਮੁੱਖ ਗਾਂਧੀ ਚੌਕ ਵਿਖੇ ਧਰਨਾ ਦੇ ਕੇ ਆਵਾਜਾਈ ਜਾਮ ਕਰ ਦਿੱਤੀ ਗਈ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਕੀਲਾਂ ਦੇ ਇਸ ਪ੍ਰਦਰਸ਼ਨ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਸਤਿੰਦਰਪਾਲ ਸਿੰਘ ਅਤੇ ਐਡ. ਬਿਕਰਮਜੀਤ ਸਿੰਘ ਜੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਰੀਬ ਪੰਜ ਸਾਲ ਪਹਿਲਾਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਟਾਲਾ ਦੇ ਵਕੀਲਾਂ ਅਤੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਭਰਵਾਂ ਸਾਥ ਦਿੱਤਾ ਸੀ, ਪਰ ਹੁਣ ਜਦੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਪੂਰੀ ਕਰਨ ਦਾ ਸਮਾਂ ਆਇਆ ਹੈ ਤਾਂ ਸਰਕਾਰ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਬਟਾਲਾ ਨੂੰ ਜਲਦੀ ਜ਼ਿਲ੍ਹਾ ਬਣਾਉਣ ਦਾ ਐਲਾਨ ਨਾ ਕੀਤਾ ਅਤੇ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਐਡ. ਬਿਕਰਮਜੀਤ ਸਿੰਘ ਜੱਗਾ, ਐਡ. ਦਿਲਪ੍ਰੀਤ ਸਿੰਘ ਵਾਲੀਆ, ਐਡ. ਪੰਕਜ ਵੈਦ, ਐਡ. ਲਕਸ਼ਮਣ ਸੂਦ, ਐਡ. ਨਵਜੀਤ ਸਿੰਘ, ਐਡ. ਸੌਰਵ ਡੋਗਰਾ, ਐਡ. ਭਰਤ ਅਗਰਵਾਲ, ਐਡ. ਸਤਵਿੰਦਰ ਸਿੰਘ, ਐਡ. ਮੁਸਕਾਨਦੀਪ ਕੌਰ, ਐਡ. ਪਰਨੀਤ ਕੌਰ, ਐਡ. ਹਰਮਨ ਸਿੰਘ, ਐਡ. ਕਮਲ ਰੰਧਾਵਾ, ਐਡ. ਅਭਿਨਵ ਸ਼ਰਮਾ, ਐਡ. ਪ੍ਰਿੰਸ, ਐਡ. ਰਘਬੀਰ ਬਾਜਵਾ, ਐਡ. ਰਜਿੰਦਰ ਕੁਮਾਰ ਸਰੂਪ, ਐਡ. ਸਾਗਰ ਲਖੋਤਰਾ ਆਦਿ ਹਾਜ਼ਰ ਸਨ।