ਮੁਕਾਬਲਿਆਂ ’ਚ ਲੌਰੈਂਸ ਸਕੂਲ ਦੇ ਵਿਦਿਆਰਥੀ ਛਾਏ ਗੁਰਮਤਿ ਸਮਾਗਮ ਅਤੇ ਧਾਰਮਿਕ ਮੁਕਾਬਲਿਆਂ ’ਚ ਲੌਰੈਂਸ ਸਕੂਲ ਦੇ ਵਿਦਿਆਰਥੀਆਂ ਲਹਿਰਾਇਆ ਪਰਚਮ
Publish Date: Tue, 17 Nov 2026 06:26 PM (IST)
Updated Date: Tue, 17 Nov 2026 06:27 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਲੌਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ ਦੇ ਵਿਦਿਆਰਥੀਆਂ ਨੇ 13 ਤੋਂ 14 ਨਵੰਬਰ 2026 ਤੱਕ ਵਡਾਲਾ ਗ੍ਰੰਥੀਆਂ ਵਿਖੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਗੁਰਮਤਿ ਸਮਾਗਮ ਅਤੇ ਧਾਰਮਿਕ ਮੁਕਾਬਲਿਆਂ ’ਚ ਉਤਸ਼ਾਹਪੂਰਵਕ ਹਿੱਸਾ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਧਾਰਮਿਕ ਸਮਾਗਮ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਅਤੇ ਮੈਡਲ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਮੱਲਿਆਂਵਾਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਜਦਕਿ ਸਕੂਲ ਪ੍ਰਿੰਸੀਪਲ ਡਾ. ਰਮਨ ਕੁਮਾਰ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਹੁਨਰ, ਅਨੁਸ਼ਾਸਨ ਅਤੇ ਨੈਤਿਕ ਗੁਣਾਂ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਤਿਆਰੀ ਸਕੂਲ ਦੇ ਅਧਿਆਪਕਾਂ ਖੁਸ਼ਵਿੰਦਰ ਕੌਰ ਅਤੇ ਦੀਦਾਰ ਸਿੰਘ ਵੱਲੋਂ ਕਰਵਾਈ ਗਈ।.ਕਵੀਸ਼ਰੀ ਮੁਕਾਬਲੇ ’ਚ ਅਨਮੋਲਪ੍ਰੀਤ ਕੌਰ, ਅਨੂਰੀਤ ਕੌਰ ਅਤੇ ਜਸਮੀਤ ਕੌਰ ਨੇ ਸ਼ਾਨਦਾਰ ਪੇਸ਼ਕਾਰੀ ਦਿੰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਮੁਕਾਬਲੇ ’ਚ ਜਸਪ੍ਰੀਤ ਸਿੰਘ ਅਤੇ ਏਕਮਜੀਤ ਸਿੰਘ ਨੇ ਆਪਣੀ ਕਲਾ ਦਾ ਜੌਹਰ ਦਿਖਾਉਂਦਿਆਂ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਕੀਰਤਨ, ਕਵਿਤਾ ਅਤੇ ਚਾਰਟ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਪ੍ਰਾਪਤ ਕੀਤੇ ਅਤੇ ਵਿਦਿਆਲੇ ਦਾ ਨਾਮ ਰੌਸ਼ਨ ਕੀਤਾ।