- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੌਰੈਂਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਸਟਾਫ਼ ਰਿਪੋਰਟਰ,, ਪੰਜਾਬੀ ਜਾਗਰਣ, ਬਟਾਲਾ: ਲੌਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਅਤੇ ਗਿਆਨਵਰਧਕ ਵਿਦਿਅਕ ਦੌਰੇ ਦਾ ਆਯੋਜਨ ਕੀਤਾ ਗਿਆ,ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਇਹ ਵਿਸ਼ੇਸ਼ ਯਾਤਰਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਦੀ ਪਹਿਲਕਦਮੀ ਅਤੇ ਵਿਸ਼ੇਸ਼ ਸਹਿਯੋਗ ਨਾਲ ਉਲੀਕੀ ਗਈ ਸੀ।ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ, ਕਾਨੂੰਨ ਬਣਾਉਣ ਦੀ ਪ੍ਰਕਿਰਿਆ, ਸਦਨ ਦੇ ਨਿਯਮਾਂ ਅਤੇ ਲੋਕਤੰਤਰਿਕ ਪ੍ਰਣਾਲੀ ਦੇ ਕੰਮਕਾਜ ਬਾਰੇ ਨੇੜਿਓਂ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਵਿਧਾਇਕ ਕਲਸੀ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਇਤਿਹਾਸ, ਸਦਨ ਦੀ ਮਹੱਤਤਾ ਅਤੇ ਹਲਕੇ ਦੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ।ਸਕੂਲ ਪ੍ਰਿੰਸੀਪਲ ਡਾਕਟਰ ਉਪਮਾ ਮਹਾਜਨ ਨੇ ਇਸ ਉਪਰਾਲੇ ਲਈ ਵਿਧਾਇਕ ਕਲਸੀ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੇ ਵਿਹਾਰਕ ਅਤੇ ਸਿੱਖਿਆਦਾਇਕ ਦੌਰੇ ਵਿਦਿਆਰਥੀਆਂ ਦੇ ਬੌਧਿਕ ਅਤੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਨਾਲ ਵਿਦਿਆਰਥੀਆਂ ਨੂੰ ਇੱਕ ਅਨੋਖਾ ਤੇ ਯਾਦਗਾਰੀ ਤਜ਼ਰਬਾ ਮਿਲਿਆ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਪ੍ਰੇਰਨਾ ਸਰੋਤ ਬਣੇਗਾ।ਇਸ ਮੌਕੇ ਸਕੂਲ ਦੇ ਅਧਿਆਪਕ, ਪ੍ਰਬੰਧਕੀ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ, ਜਿਨ੍ਹਾਂ ਨੇ ਵਿਧਾਨ ਸਭਾ ਦੇ ਅੰਦਰੂਨੀ ਮਾਹੌਲ ਨੂੰ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਕੂਲ ਵਿਦਿਆਰਥੀਆਂ ਵੱਲੋਂ ਸਕੂਲ ਪਹੁੰਚਣ ’ਤੇ ਆਪਣੇ ਇਸ ਇਤਿਹਾਸਿਕ ਤਜ਼ਰਬੇ ਨੂੰ ਸਕੂਲ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ ਨਾਲ ਸਾਂਝਾ ਕੀਤਾ। ਇਸ ਮੌਕੇ ਲਈ ਚੇਅਰਮੈਨ ਵੱਲੋਂ ਵਿਧਾਇਕ ਕਲਸੀ ਦਾ ਧੰਨਵਾਦ ਕੀਤਾ।