- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਗੇ ਫੋਟੋਗ੍ਰਾਫਰ ਅਤੇ ਲੇਖਕ ਹੀ ਨਹੀਂ, ਚੰਗੇ ਇਨਸਾਨ ਵੀ ਸਨ ਸਵਰਗਵਾਸੀ ਹਰਭਜਨ ਸਿੰਘ ਬਾਜਵਾ : ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ

ਤਾਰਿਕ ਅਹਿਮਦ, ਪੰਜਾਬੀ ਜਾਗਰਣ
ਕਾਦੀਆਂ: ਇਲਾਕੇ ਦੀ ਪ੍ਰਸਿੱਧ ਸ਼ਖ਼ਸੀਅਤ ਸਵਰਗਵਾਸੀ ਹਰਭਜਨ ਸਿੰਘ ਬਾਜਵਾ ਕੇਵਲ ਇੱਕ ਚੰਗੇ ਫੋਟੋਗ੍ਰਾਫਰ ਅਤੇ ਲੇਖਕ ਹੀ ਨਹੀਂ, ਸਗੋਂ ਇੱਕ ਨੇਕਦਿਲ ਇਨਸਾਨ ਅਤੇ ਯਾਰਾਂ ਦੇ ਯਾਰ ਸਨ। ਉਹ ਸੁਭਾਅ ਤੋਂ ਸਖ਼ਤ, ਪਰ ਦਿਲ ਦੇ ਸੱਚੇ ਅਤੇ ਸਪੱਸ਼ਟਵਾਦੀ ਵਿਅਕਤੀ ਸਨ। ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਨੇ ਅਜਿਹੀ ਸ਼ਖ਼ਸੀਅਤ ਗੁਆ ਲਈ ਹੈ, ਜਿਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।ਇਹ ਵਿਚਾਰ ਇਲਾਕੇ ਦੇ ਪ੍ਰਸਿੱਧ ਸਿਆਸਤਦਾਨ ਅਤੇ ਸਮਾਜ ਸੇਵਕ, ਨੈਸ਼ਨਲ ਐਵਾਰਡ ਜੇਤੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਸਵਰਗਵਾਸੀ ਹਰਭਜਨ ਸਿੰਘ ਬਾਜਵਾ ਦੇ ਦਿਹਾਂਤ ’ਤੇ ਪ੍ਰਗਟ ਕੀਤੇ। ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕਿ ਹਰਭਜਨ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਸਾਲ 1958 ਵਿੱਚ ਖਾਲਸਾ ਸਕੂਲ, ਮੌਜੂਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਹੋਈ ਸੀ। ਇਹ ਮੁਲਾਕਾਤ ਰਿਆੜਕੀ ਦੇ ਪ੍ਰਸਿੱਧ ਕਵੀ ਸਵਰਗਵਾਸੀ ਬਲਵੰਤ ਸਿੰਘ ਦਰਦੀ, ਚਰਨ ਸਿੰਘ ਅਸ਼ੋਕ ਅਤੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨਾਲ ਸਬੰਧਤ ਇੱਕ ਸਮਾਗਮ ਦੌਰਾਨ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਨੂੰ ਅੱਜ ਲਗਭਗ 68 ਸਾਲ ਹੋ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਲਗਾਤਾਰ ਬਾਜਵਾ ਸਾਹਿਬ ਦੇ ਸੰਪਰਕ ਵਿੱਚ ਰਹੇ। ਬਾਜਵਾ ਸਾਹਿਬ ਦਾ ਵਿਧਾਇਕ, ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਵੱਡਾ ਨਾਮ ਸੀ। ਕੁਝ ਸਮਾਂ ਪਹਿਲਾਂ ਉਹ ਵਿਸ਼ੇਸ਼ ਤੌਰ ’ਤੇ ਬਟਾਲਾ ਜਾ ਕੇ ਉਨ੍ਹਾਂ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਆਪਣੀ ਇੱਕ ਪੁਸਤਕ ਵੀ ਭੇਟ ਕੀਤੀ ਸੀ। ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਇਲਾਕੇ ਦੇ ਹਰਮਨ-ਪਿਆਰੇ ਵਿਅਕਤੀ ਸਨ। ਉਹ ਜੋ ਗੱਲ ਸਹੀ ਸਮਝਦੇ ਸਨ, ਉਸ ਨੂੰ ਬਿਨਾਂ ਕਿਸੇ ਲਾਗ-ਲਪੇਟ ਦੇ ਸਾਹਮਣੇ ਕਹਿ ਦਿੰਦੇ ਸਨ। ਉਨ੍ਹਾਂ ਦਾ ਸਪੱਸ਼ਟਵਾਦੀ ਅਤੇ ਸਖ਼ਤ ਸੁਭਾਅ ਹੀ ਉਨ੍ਹਾਂ ਦੀ ਪਹਿਚਾਣ ਸੀ, ਪਰ ਉਨ੍ਹਾਂ ਦਾ ਦਿਲ ਬੇਹੱਦ ਸਾਫ਼ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਸੱਚੇ ਅਤੇ ਸਪੱਸ਼ਟਵਾਦੀ ਇਨਸਾਨ ਮਿਲਣੇ ਬਹੁਤ ਮੁਸ਼ਕਲ ਹਨ। ਬਾਜਵਾ ਸਾਹਿਬ ਦਾ ਦਿਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇੱਕ ਚੰਗਾ ਇਨਸਾਨ ਅਤੇ ਯਾਰਾਂ ਦਾ ਯਾਰ ਸਾਡੇ ਸਾਰਿਆਂ ਤੋਂ ਹਮੇਸ਼ਾ ਲਈ ਵਿਛੜ ਗਿਆ ਹੈ।