ਧਰਮ ਯੁੱਧ ਮੋਰਚਾ ਬਟਾਲਾ ਵੱਲੋਂ ਕੱਢਿਆ ਗਿਆ ਖਾਲਸਾ ਰੋਸ ਮਾਰਚ ਧਰਮ ਯੁੱਧ ਮੋਰਚਾ ਬਟਾਲਾ ਵੱਲੋਂ ਕੱਢਿਆ ਗਿਆ ਖਾਲਸਾ ਰੋਸ ਮਾਰਚ
Publish Date: Wed, 07 Oct 2026 05:14 PM (IST)
Updated Date: Wed, 07 Oct 2026 05:17 PM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਕੱਢੇ ਗਏ ਖਾਲਸਾ ਰੋਸ ਮਾਰਚ ਦੌਰਾਨ ਮੰਗ ਕੀਤੀ ਹੈ ਕਿ ਇਸ ਪੂਰੇ ਚਾਵਲਾ ਕਾਂਡ ਦੀ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਤਲਖ਼ੀ ਵਾਲੇ ਲਹਿਜ਼ੇ ਵਿੱਚ ਗੱਲ ਕਰਨਾ ਉਹਨਾਂ ਦੀ ਬੌਖਲਾਹਟ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ, ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਅਤਿ ਨੀਵੇਂ ਦਰਜੇ ਦੇ ਕੁਕਰਮਾਂ ਦੀ ਦਰਜ ਹੋਈ ਐਫ.ਆਈ.ਆਰ. ਨੇ ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਦਰੇ ਹਨ। ਸੰਗਤਾਂ ਦੇ ਮਨਾਂ ਦਾ ਰੋਸ ਪ੍ਰਗਟ ਕਰਨ ਲਈ, ਧਰਮ ਯੁੱਧ ਮੋਰਚਾ ਬਟਾਲਾ ਵੱਲ੍ਹੋਂ ਸ਼ਹਿਰ ਵਿੱਚ ਖਾਲਸਾ ਰੋਸ ਮਾਰਚ ਕੱਢਿਆ ਗਿਆ। ਭਾਈ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਵੱਡਾ ਨਿਘਾਰ ਆਉਣ ਦਾ ਕਾਰਨ, 15 ਸਾਲਾਂ ਤੋਂ ਚੋਣਾਂ ਨਾ ਹੋਣਾ ਹੈ। ਇਸੇ ਮੰਗ ਨੂੰ ਲੈ ਕੇ ਬਟਾਲਾ ਦੀ ਧਰਤੀ ਤੇ 27 ਸਤੰਬਰ ਤੋਂ ਧਰਮ ਯੁੱਧ ਮੋਰਚਾ ਆਰੰਭ ਕੀਤਾ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਤੁਰੰਤ ਐਲਾਨ ਕਰੇ ਅਤੇ ਪੰਜਾਬ ਸਰਕਾਰ ਚੋਣਾਂ ਕਰਵਾਉਣ ਦਾ ਪ੍ਰਬੰਧ ਕਰੇ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੇ ਗਏ ਮੰਗ ਪੱਤਰ ਪ੍ਰਤੀ, ਸਰਕਾਰ ਵੱਲੋਂ ਦਿੱਤੇ ਭਰੋਸੇ ਨੂੰ ਉਹਨਾਂ ਸਾਰਥਕ ਕਦਮ ਦੱਸਿਆ। ਇਸ ਮੌਕੇ ਇੰਗਲੈਂਡ ਦੀਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸਕੂਲਾਂ ਦੀ ਸਾਂਝੀ ਨੁਮਾਇੰਦਾ ਸੰਸਥਾ, ਸੁਪਰੀਮ ਸਿੱਖ ਕੌਂਸਲ ਯੂਕੇ ਵੱਲ੍ਹੋਂ ਵੀ ਧਰਮ ਯੁੱਧ ਮੋਰਚੇ ਨਾਲ ਡੱਟ ਕੇ ਖੜ੍ਹਨ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਨਿਸ਼ਾਨ ਸਿੰਘ ਸਿਆਲਕਾ ਸਤਿਕਾਰ ਕਮੇਟੀ, ਬਾਬਾ ਪਰਮਬੀਰ ਸਿੰਘ ਪ੍ਰਤਾਪਗੜ੍ਹੀਏ, ਬਾਬਾ ਮਨਜੀਤ ਸਿੰਘ, ਭਾਈ ਗੁਰਨਾਮ ਸਿੰਘ ਬਟਾਲਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਭਾਈ ਕੁਲਵਿੰਦਰ ਸਿੰਘ ਗੌਂਸਪੁਰਾ, ਡਾਕਟਰ ਬਲਜੀਤ ਸਿੰਘ ਧਾਰੋਵਾਲੀ, ਭਾਈ ਬਲਵਿੰਦਰ ਸਿੰਘ ਪੱਖੋਕੇ, ਗੁਰਬਚਨ ਸਿੰਘ ਪਵਾਰ ਜਿਲ੍ਹਾ ਪ੍ਰਧਾਨ ਅਕਾਲੀ ਦਲ ਮਾਨ, ਮਨਬੀਰ ਸਿੰਘ ਰੰਧਾਵਾ, ਖੁਸ਼ਕਰਨ ਸਿੰਘ ਬਟਾਲਾ, ਭਾਈ ਬਲਜੀਤਪਾਲ ਸਿੰਘ, ਅਕਾਲ ਪੁਰਖ ਕੀ ਫੌਜ ਗੁਰਦਾਸਪੁਰ, ਭਾਈ ਕੇਵਲ ਸਿੰਘ ਕੰਗ ਪਠਾਨਕੋਟ, ਭਾਈ ਲੱਜਾ ਸਿੰਘ ਸੰਗਰੂਰ, ਭਾਈ ਮਹਿੰਦਰ ਸਿੰਘ ਸੁਚਾਨੀਆ, ਸੰਤ ਬਾਬਾ ਹਜ਼ਾਰਾ ਸਿੰਘ ਗ੍ਰੰਥੀ ਸਭਾ, ਭਾਈ ਨਵਰੂਪ ਸਿੰਘ ਗੁਰਦਾਸਪੁਰ, ਭਾਈ ਸਹਿਜਬੀਰ ਸਿੰਘ ਰੰਗੀਲਪੁਰ, ਭਾਈ ਸਵਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।