- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੋਲ੍ਹਿਆ ਜਾਵੇ: ਸੰਘਰਸ਼ ਕਮੇਟੀ

ਸਤਪਾਲ ਜ਼ਖਮੀ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ : ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ ਮਹੀਨੇ ਵਿੱਚ ਆ ਰਹੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੀ ਮੰਗ ਉਠਾਈ ਗਈ। ਇਸ ਸਬੰਧੀ ਕਮੇਟੀ ਵੱਲੋਂ ਜਨਤਾ ਦਲ (ਯੂਨਾਈਟਿਡ) ਦੇ ਪੰਜਾਬ ਪ੍ਰਧਾਨ ਮਲਵਿੰਦਰ ਸਿੰਘ ਬੈਨੀਪਾਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ, ਜਿਸ ਨੂੰ ਐੱਨਡੀਏ ਦੇ ਭਾਈਵਾਲ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਰਾਹੀਂ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਕਮੇਟੀ ਦੇ ਕੋ-ਆਰਡੀਨੇਟਰ ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਡੂੰਘਾ ਸਬੰਧ ਰੱਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਦੀ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਦੀ ਤਾਂਘ ਰੱਖਦੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਲਾਂਘਾ ਮੁੜ ਖੋਲ੍ਹਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਜਨਤਾ ਦਲ (ਯੂਨਾਈਟਡ)ਪੰਜਾਬ ਪ੍ਰਧਾਨ ਮਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ਼ ਆਉਣ-ਜਾਣ ਦਾ ਰਸਤਾ ਨਹੀਂ, ਸਗੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਨਾਲ ਜੁੜਨ ਦਾ ਇੱਕ ਅਹਿਮ ਮਾਧਿਅਮ ਹੈ।ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਸੰਘਰਸ਼ ਕਮੇਟੀ ਦੀ ਉਕਤ ਮੰਗ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਸੁਰੱਖਿਆ ਅਤੇ ਹੋਰ ਲੋੜੀਂਦੀਆਂ ਪ੍ਰਕਿਰਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਾਂਘਾ ਜਲਦ ਤੋਂ ਜਲਦ ਖੁੱਲ੍ਹ ਸਕੇ ਅਤੇ ਸੰਗਤ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਦਰਸ਼ਨ-ਦੀਦਾਰ ਕਰ ਸਕੇ। ਬੈਨੀਪਾਲ ਨੇ ਕਿਹਾ ਕਿ ਇਸ ਮੰਗ ਪੱਤਰ ਨੂੰ ਲੈ ਕੇ ਜਲਦੀ ਤੋਂ ਜਲਦੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕਰਨਗੇ ਅਤੇ ਮੰਗ ਪੱਤਰ ਨਰਿੰਦਰ ਮੋਦੀ ਤੱਕ ਪਹੁੰਚਾਉਣਗੇ ਅਤੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਜਲਦੀ ਖੋਲ੍ਹਿਆ ਜਾਵੇ।
ਇਸ ਮੌਕੇ ਡਾ. ਦਰਸ਼ਨ ਸਿੰਘ ਗੁੱਜਰਪੁਰਾ, ਮਮਤਾ ਦੱਤਾ, ਭਾਈ ਬੁੱਧ ਸਿੰਘ ਝਾਮਕਾ, ਡਾ. ਸੁਖਪ੍ਰੀਤ ਸਿੰਘ ਭਲਾ ਪਿੰਡ, ਮਨਜੋਤ ਸਿੰਘ ਪੁਰੇਵਾਲ, ਸਰਤਾਜਪ੍ਰੀਤ ਸਿੰਘ ਭੰਗੂ, ਨਰਿੰਦਰ ਸਿੰਘ ਨਾਸਰ, ਫੌਜੀ ਕੁਲਵਿੰਦਰ ਸਿੰਘ ਰਮਦਾਸ, ਭਾਈ ਜਗਜੀਤ ਸਿੰਘ ਸੁਲਤਾਨ ਮਾਹਲ, ਭਾਈ ਸੁੱਚਾ ਸਿੰਘ ਜੱਟਾ, ਦਿਲਮਨਪ੍ਰੀਤ ਸਿੰਘ ਗੱਗੋਮਾਹਲ, ਅਮਰਪਾਲ ਸਿੰਘ ਮਹਿਤਾ ਚੌਕ, ਅਜੈ ਸ਼ਰਮਾ ਮਹਿਤਾ ਚੌਕ, ਡਾ. ਸੁਖਦੇਵ ਸਿੰਘ, ਗੁਰਸੇਵਕ ਸਿੰਘ ਅਰਜਨਾ ਮੰਗਾ, ਪੰਕਜ ਮੋਗਾ, ਬਿਕਰਮ ਮੋਗਾ, ਹਰਜਿੰਦਰ ਸਿੰਘ (ਐੱਸਸੀ ਮੋਰਚਾ ਦੇ ਮੀਤ ਪ੍ਰਧਾਨ, ਮੋਗਾ) ਅਤੇ ਸਮੇਤ ਹੋਰ ਸਾਥੀ ਹਾਜ਼ਰ ਸਨ।