ਜਮਹੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਦਾ 20 ਸਤੰਬਰ ਨੂੰ ਹੋਵੇਗਾ ਰਲੇਵਾਂ, ਜਲੰਧਰ 'ਚ ਹੋਵੇਗਾ ਵਿਸ਼ਾਲ ਇਕੱਠ ਜਮਹੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਦਾ 20 ਸਤੰਬਰ ਨੂੰ ਹੋਵੇਗਾ ਰਲੇਵਾਂ, ਜਲੰਧਰ 'ਚ ਹੋਵੇਗਾ ਵਿਸ਼ਾਲ ਇਕੱਠ
Publish Date: Sun, 02 Aug 2026 04:07 PM (IST)
Updated Date: Mon, 03 Aug 2026 04:02 AM (IST)
ਜੀਆਰਪੀ- ਜਾਣਕਾਰੀ ਦਿੰਦੇ ਹੋਏ ਸਭਾ ਦੇ ਮੈਂਬਰ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਕਾਰਜਕਾਰਨੀ ਕਮੇਟੀ ਦੀ ਭਰਵੀਂ ਮੀਟਿੰਗ ਸਾਥੀ ਹਰਜੀਤ ਸਿੰਘ ਕਾਹਲੋਂ (ਜ਼ਿਲ੍ਹਾ ਪ੍ਰਧਾਨ) ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਨੂੰ ਮੱਖਣ ਸਿੰਘ ਕੁਹਾੜ, ਅਜੀਤ ਸਿੰਘ ਹੁੰਦਲ, ਜਗੀਰ ਸਿੰਘ ਸਲਾਚ, ਰਘਬੀਰ ਸਿੰਘ ਚਾਹਲ, ਅਵਤਾਰ ਸਿੰਘ ਠੱਠਾ, ਮੱਖਣ ਸਿੰਘ ਤਿੱਬੜ, ਹਰਦੇਵ ਸਿੰਘ ਰਵਾਲ, ਕੁਲਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਬੁੱਢਾਕੋਟ, ਕੁਲਜੀਤ ਸਿੰਘ ਸਿਧਵਾ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ। ਸਾਥੀ ਸਤਨਾਮ ਸਿੰਘ ਅਜਨਾਲਾ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਤੋਂ ਬਾਹਰ ਨਿਕਲਣਾ, ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰ ਸਮਝੌਤੇ ਵਿੱਚੋਂ ਖੇਤੀ ਉਤਪਾਦਾਂ ਤੇ ਪਰਚੂਨ ਵਪਾਰ ਨੂੰ ਬਾਹਰ ਰੱਖਣਾ, ਕਰਜ਼ਾ ਮੁਆਫੀ, ਐੱਮਐੱਸਪੀ (ਸਮਰਥਨ ਮੁੱਲ) ਦੀ ਗਰੰਟੀ, ਪੁਰਾਣੀ ਮਨਰੇਗਾ ਯੋਜਨਾ ਦੀ ਬਹਾਲੀ, ਮਜ਼ਦੂਰਾਂ ਦੀ ਦਿਹਾੜੀ ਮੁੜ 8 ਘੰਟੇ ਕਰਨਾ, 2013 ਵਾਲੀ ਲੈਂਡ ਪੋਲਿੰਗ ਨੀਤੀ ਤਹਿਤ ਬਿਨਾਂ ਜ਼ਮੀਨ ਪ੍ਰਾਪਤ ਕੀਤੇ ਪ੍ਰਾਜੈਕਟ ਨਾ ਕਰਨਾ, ਭਾਖੜਾ ਪ੍ਰਬੰਧ, ਪਾਣੀਆਂ ਦੇ ਮਸਲੇ ਤੇ ਬੇਰੁਜ਼ਗਾਰੀ ਸਮੇਤ ਕਈ ਅਹਿਮ ਮੁੱਦੇ ਹਨ, ਜਿਨ੍ਹਾਂ ਲਈ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਸਤਨਾਮ ਸਿੰਘ ਅਜਨਾਲਾ ਨੇ ਵੱਡੀ ਖੁਸ਼ਖਬਰੀ ਦਿੰਦਿਆਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦਾ ਦੇਸ਼ ਪੱਧਰ ਤੇ ਰਲੇਵਾਂ ਹੋਣ ਜਾ ਰਿਹਾ ਹੈ। ਇਸ ਸਬੰਧੀ 20 ਤੇ 21 ਸਤੰਬਰ 2026 ਨੂੰ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਦੋ ਰੋਜ਼ਾ ਵਿਸ਼ਾਲ ਕਨਵੈਂਸ਼ਨ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 20 ਸਤੰਬਰ ਨੂੰ ਜਲੰਧਰ ਚ ਹੀ ਅਖਿਲ ਭਾਰਤ ਪੱਧਰ ਦਾ ਇਤਿਹਾਸਕ ਤੇ ਵਿਸ਼ਾਲ ਇਕੱਠ ਹੋਵੇਗਾ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਤੋਂ ਘੱਟੋ-ਘੱਟ 20 ਬੱਸਾਂ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਰਚੇ ਦਾ ਕੋਟਾ ਵੀ ਮੁਕੱਰਰ ਕੀਤਾ ਗਿਆ ਹੈ। ਇਸ ਸਮਾਗਮ ਦੀ ਤਿਆਰੀ ਲਈ 9 ਅਗਸਤ ਨੂੰ ਜਲੰਧਰ ਵਿਖੇ ਜ਼ਿਲ੍ਹਾ ਕਾਰਜਕਾਰਨੀਆਂ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਐੱਸਕੇਐੱਮ (ਸੰਯੁਕਤ ਕਿਸਾਨ ਮੋਰਚੇ) ਦੇ ਦਿੱਲੀ ਮੋਰਚੇ ਤੋਂ ਬਾਅਦ ਸੀਜੇਪੀ (ਸੰਯੁਕਤ ਜਨਆਂਦੋਲਨ ਪਾਰਟੀ) ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਛੇੜੀ ਗਈ ਲੜਾਈ ਨੇ ਵੱਡਾ ਇਤਿਹਾਸ ਰਚਿਆ ਹੈ ਤੇ ਦੇਸ਼ ਭਰ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜਿਹੜਾ ਫਿਰਕਾਪ੍ਰਸਤੀ ਫੈਲਾਉਂਦਾ ਸੀ, ਉਸ ਦੀ ਹੁਣ ਕੋਈ ਚੱਲ ਨਹੀਂ ਪਾਈ ਅਤੇ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ 10 ਅਗਸਤ ਨੂੰ ਐੱਸਕੇਐੱਮ ਵੱਲੋਂ ਬੁਲਾਏ ਗਏ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਸਿਰੇ ਚੜ੍ਹਾਇਆ ਜਾਵੇਗਾ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਪੁੱਜੇ ਜ਼ਿਲ੍ਹਾ ਆਗੂਆਂ ਨੇ ਦੋਹਾਂ ਜਥੇਬੰਦੀਆਂ ਦੇ ਏਕੀਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ 20-21 ਸਤੰਬਰ ਲਈ ਭਾਰੀ ਉਤਸ਼ਾਹ ਦਿਖਾਇਆ। ਇਸ ਮੌਕੇ ਰਣਬੀਰ ਸਿੰਘ ਵਡਾਲਾ ਬਾਂਗਰ, ਲਖਵਿੰਦਰ ਸਿੰਘ, ਵੀਰ ਸਿੰਘ, ਮੋਹਣ ਸਿੰਘ, ਰਛਪਾਲ ਸਿੰਘ, ਰਵੇਲ ਸਿੰਘ, ਹਰਦੀਪ ਸਿੰਘ, ਰੋਸ਼ਨ ਲਾਲ ਕਲਾਨੌਰ, ਜਗਤਾਰ ਸਿੰਘ, ਰਾਜਪਾਲ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਸਾਥੀ ਮੌਜੂਦ ਸਨ।