
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੂਜੇ ਦਿਨ ਵੀ ਹੋਈ 4 ਘੰਟੇ ਬਾਰਿਸ਼, ਨਾਲਿਆਂ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਪਾਣੀ ਭਰਨ ਦੀ ਸਮੱਸਿਆ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀਰਵਾਰ ਨੂੰ ਦੂਜੇ ਦਿਨ ਸਵੇਰੇ ਹੋਈ ਬਾਰਿਸ਼ ਨੇ ਜਿੱਥੇ ਇੱਕ ਪਾਸੇ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਉੱਥੇ ਦੂਜੇ ਪਾਸੇ ਸ਼ਹਿਰ ਦੇ ਕਈ ਪ੍ਰਮੁੱਖ ਮਾਰਗਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਭਰਨ ਦੀ ਗੰਭੀਰ ਸਮੱਸਿਆ ਪੈਦਾ ਕਰ ਦਿੱਤੀ। ਸਵੇਰੇ-ਸਵੇਰੇ ਸ਼ੁਰੂ ਹੋਈ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਪਰ ਪਾਣੀ ਨਿਕਾਸੀ ਪ੍ਰਣਾਲੀ ਦੀਆਂ ਕਮੀਆਂ ਇੱਕ ਵਾਰ ਫਿਰ ਉਜਾਗਰ ਹੋ ਗਈਆਂ ਜਿਸ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਵੇਰੇ ਕਰੀਬ ਸੱਤ ਵਜੇ ਤੋਂ ਸ਼ੁਰੂ ਹੋਈ ਬਾਰਿਸ਼ ਦਾ ਦੌਰ ਕਰੀਬ 10 ਵਜੇ ਤੱਕ ਜਾਰੀ ਰਿਹਾ। ਲਗਾਤਾਰ 4 ਘੰਟੇ ਹੋਈ ਬਾਰਿਸ਼ ਨਾਲ ਸ਼ਹਿਰ ਦਾ ਬੀਜ ਮਾਰਕੀਟ, ਕਬੂਤਰੀ ਗੇਟ, ਤਿੱਬੜੀ ਰੋਡ, ਗੀਤਾ ਭਵਨ ਰੋਡ, ਕਾਲਜ ਰੋਡ, ਬਾਟਾ ਚੌਕ ਅਤੇ ਜੀਟੀ ਰੋਡ ਸਮੇਤ ਕਈ ਇਲਾਕੇ ਪਾਣੀ-ਪਾਣੀ ਹੋ ਗਏ। ਸੜਕਾਂ 'ਤੇ ਪਾਣੀ ਇਕੱਠਾ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਛੋਟੇ ਵਾਹਨ ਪਾਣੀ ਵਿੱਚ ਫਸਦੇ ਨਜ਼ਰ ਆਏ, ਉੱਥੇ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪਾਣੀ ਵਿੱਚ ਪੈਦਲ ਚੱਲਣ ਲਈ ਮਜਬੂਰ ਹੋਣਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਾਰਿਸ਼ ਦੇ ਮੌਸਮ ਵਿੱਚ ਇਹੀ ਹਾਲ ਹੁੰਦਾ ਹੈ। ਉੱਥੇ ਹਾ ਸਰਕਾਰੀ ਸਕੂਲ ਵਿੱਚ ਸਥਿਤ ਜੂਡੋ ਸੈਂਟਰ ਵਿੱਚ ਵੀ ਪਾਣੀ ਭਰ ਗਿਆ। ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜੂਡੋ ਸੈਂਟਰ ਵਿੱਚ ਪਾਣੀ ਭਰਨ ਦੇ ਕਾਰਨ ਜੂਡੋ ਖਿਡਾਰੀਆਂ ਮੈਟ ਖਰਾਬ ਹੋ ਗਏ ਜਿਸ ਕਾਰਨ ਉਨ੍ਹਾਂ ਦੀ ਖੇਡ ਪ੍ਰਭਾਵਿਤ ਹੋਈ।
ਪਾਣੀ ਭਰਨ ਦੀ ਇਸ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ 'ਤੇ ਸਥਿਤ ਨਾਲਿਆਂ 'ਤੇ ਨਾਜਾਇਜ਼ ਕਬਜ਼ੇ ਸਭ ਤੋਂ ਵੱਡੀ ਰੁਕਾਵਟ ਹਨ। ਦੁਕਾਨਦਾਰਾਂ ਅਤੇ ਕਬਜ਼ਾਧਾਰੀਆਂ ਨੇ ਕਈ ਥਾਵਾਂ 'ਤੇ ਨਾਲਿਆਂ ਦੇ ਉੱਪਰ ਨਿਰਮਾਣ ਕਰ ਰੱਖਿਆ ਹੈ ਜਿਸ ਕਾਰਨ ਸਫ਼ਾਈ ਟੀਮਾਂ ਨਾਲਿਆਂ ਨੂੰ ਠੀਕ ਤਰ੍ਹਾਂ ਸਾਫ਼ ਨਹੀਂ ਕਰ ਪਾਉਂਦੀਆਂ। ਇਸ ਤੋਂ ਇਲਾਵਾ ਨਾਲੀਆਂ ਵਿੱਚ ਪਲਾਸਟਿਕ ਦੇ ਲਿਫਾਫੇ, ਬੋਤਲਾਂ ਅਤੇ ਹੋਰ ਕੂੜਾ ਸੁੱਟਣ ਦੀ ਆਦਤ ਨੇ ਵੀ ਸਮੱਸਿਆ ਨੂੰ ਗੰਭੀਰ ਬਣਾ ਦਿੱਤਾ ਹੈ। ਪਲਾਸਟਿਕ ਦੀਆਂ ਥੈਲੀਆਂ ਸੀਵਰੇਜ ਲਾਈਨਾਂ ਨੂੰ ਚੋਕ ਕਰ ਦਿੰਦੀਆਂ ਹਨ ਜਿਸ ਕਾਰਨ ਪਾਣੀ ਅੱਗੇ ਨਹੀਂ ਵਧ ਪਾਉਂਦਾ ਅਤੇ ਸੜਕਾਂ 'ਤੇ ਇਕੱਠਾ ਹੋ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਕਾਫ਼ੀ ਆਮ ਅਤੇ ਸੁਹਾਵਣਾ ਸੀ ਪਰ ਬਾਰਿਸ਼ ਤੋਂ ਬਾਅਦ ਜਿਵੇਂ ਹੀ ਦੁਪਹਿਰ ਨੂੰ ਧੁੱਪ ਨਿਕਲੀ, ਮੌਸਮ ਨੇ ਕਰਵਟ ਬਦਲ ਲਈ। ਦੁਪਹਿਰ ਨੂੰ ਤੇਜ਼ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਅਚਾਨਕ ਵਾਧਾ ਹੋ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ ਤਿੰਨ ਡਿਗਰੀ ਵਧ ਕੇ 32 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ। ਸਵੇਰੇ ਠੰਢੀਆਂ ਹਵਾਵਾਂ ਤੋਂ ਬਾਅਦ ਦੁਪਹਿਰ ਦੀ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਫਿਰ ਤੋਂ ਬੇਚੈਨ ਕਰ ਦਿੱਤਾ ਹਾਲਾਂਕਿ ਸ਼ਾਮ ਹੁੰਦਿਆਂ ਹੀ ਮੌਸਮ ਫਿਰ ਤੋਂ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਨੂੰ ਵੀ ਸ਼ਹਿਰ ਵਿੱਚ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਸ਼ਹਿਰ ਵਾਸੀਆਂ ਨੂੰ ਜਿੱਥੇ ਬਾਰਿਸ਼ ਤੋਂ ਰਾਹਤ ਮਿਲੀ, ਉੱਥੇ ਪ੍ਰਸ਼ਾਸਨ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪਾਣੀ ਭਰਨ ਦੀ ਸਥਾਈ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣ। ਨਾਲਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਅਤੇ ਸੀਵਰੇਜ ਪ੍ਰਣਾਲੀ ਨੂੰ ਦੁਰੁਸਤ ਕਰਨ ਦੀ ਮੰਗ ਲਗਾਤਾਰ ਉੱਠ ਰਹੀ ਹੈ, ਤਾਂ ਜੋ ਭਵਿੱਖ ਵਿੱਚ ਮਾਮੂਲੀ ਬਾਰਿਸ਼ ਵੀ ਜਨਜੀਵਨ ਨੂੰ ਠੱਪ ਨਾ ਕਰ ਸਕੇ।
--ਘਰ 'ਤੇ ਡਿੱਗਿਆ ਰੁੱਖ--
ਤੇਜ਼ ਬਾਰਿਸ਼ ਕਾਰਨ ਟਰੱਸਟ ਦੀ ਸਕੀਮ ਨੰਬਰ ਸੱਤ ਵਿੱਚ ਰੇਲਵੇ ਲਾਈਨ ਦੇ ਕਿਨਾਰੇ ਖੜ੍ਹਾ ਸਫੈਦੇ ਦਾ ਰੁੱਖ ਘਰ 'ਤੇ ਜਾ ਡਿੱਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਬਿਜਲੀ ਦਾ ਕੋਈ ਖੰਭਾ ਡਿੱਗਿਆ ਹੈ ਪਰ ਜਦੋਂ ਬਾਹਰ ਆ ਕੇ ਵੇਖਿਆ ਤਾਂ ਵੱਡਾ ਸਫੈਜਦੇ ਦਾ ਰੁੱਖ ਡਿੱਗਿਆ ਹੋਇਆ ਸੀ। ਇਸ ਤੋਂ ਬਾਅਦ ਲੋਕਾਂ ਨੇ ਸਬੰਧਤ ਸਕੀਮ ਨੰਬਰ ਸੱਤ ਇੰਪੂਰਵਮੈਂਟ ਟਰੱਸਟ ਦੇ ਪ੍ਰਧਾਨ ਨੂੰ ਸੂਚਿਤ ਕੀਤਾ। ਨਾਲ ਹੀ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੰਪੂਰਵਮੈਂਟ ਟਰੱਸਟ ਸਕੀਮ ਨੰਬਰ ਸੱਤ ਵਿੱਚ ਡਿੱਗੀਆਂ ਕੰਧਾਂ ਅਤੇ ਸਫੈਦੇ ਦੇ ਰੁੱਖਾਂ ਦੇ ਸਬੰਧ ਵਿੱਚ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋ ਸਕੇ।