ਨਿਗਮ ਵੱਲੋਂ ਹੋਰ ਸਿਆਸੀ ਪਾਰਟੀਆਂ ਦੇ ਹੋਰਡਿੰਗ ਨਾ ਲੱਗਣ ਦੇਣਾ ਮੰਦਭਾਗਾ : ਫਤਿਹਜੰਗ ਬਾਜਵਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਦੇ ਹੋਰਡਿੰਗ ਬੋਰਡ ਨਾ ਲੱਗਣ ਦੇਣਾ ਮੰਦਭਾਗਾ : ਫਤਿਹਜੰਗ ਬਾਜਵਾ
Publish Date: Thu, 17 Sep 2026 08:14 PM (IST)
Updated Date: Thu, 17 Sep 2026 08:44 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸਥਾਨਕ ਗੁਰਦਾਸਪੁਰ ਰੋਡ ਸਥਿਤ ਇੱਕ ਹੋਟਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਦਿਨੀਂ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਵਧਾਈਆਂ ਸਬੰਧੀ ਲਗਾਏ ਗਏ ਹੋਰਡਿੰਗ ਬੋਰਡ ਇਹ ਕਹਿ ਕੇ ਹਟਾ ਦਿੱਤੇ ਗਏ ਸਨ ਕਿ ਠੇਕੇਦਾਰ ਵੱਲੋਂ ਨਗਰ ਨਿਗਮ ਨੂੰ ਪੈਸੇ ਜਮ੍ਹਾਂ ਨਹੀਂ ਕਰਵਾਏ ਗਏ। ਬਾਜਵਾ ਨੇ ਕਿਹਾ ਕਿ ਹੋਰਡਿੰਗ ਬੋਰਡ ਲਗਾਉਣ ਵਾਲੇ ਠੇਕੇਦਾਰ ਸੁਨੀਲ ਕੁਮਾਰ ਸੋਨੂੰ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਨੂੰ ਸਮੇਂ-ਸਮੇਂ ’ਤੇ ਸਾਰੀਆਂ ਬਕਾਇਆ ਰਾਸ਼ੀਆਂ ਦਾ ਭੁਗਤਾਨ ਕੀਤਾ ਗਿਆ ਹੈ। ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ 44 ਲੱਖ ਰੁਪਏ ਦੀ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਸੁਨੀਲ ਕੁਮਾਰ ਸੋਨੂੰ ਵੱਲੋਂ ਇਸ ਮਾਮਲੇ ਸਬੰਧੀ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਤੇ ਅਦਾਲਤ ਵੱਲੋਂ ਨਗਰ ਨਿਗਮ ਨੂੰ ਹੋਰਡਿੰਗ ਬੋਰਡ ਨਾ ਹਟਾਉਣ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਮਹੀਨੇ ਹੋਣੀ ਹੈ ਤੇ ਉਦੋਂ ਤੱਕ ਠੇਕੇਦਾਰ ਨੂੰ ਆਪਣਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਠੇਕੇਦਾਰ ਸੁਨੀਲ ਕੁਮਾਰ ਸੋਨੂੰ ਮਾਣਯੋਗ ਅਦਾਲਤ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਨਗਰ ਨਿਗਮ ਬਟਾਲਾ ਦੇ ਮੇਅਰ ਨੂੰ ਦੇਣ ਲਈ ਨਗਰ ਨਿਗਮ ਦਫ਼ਤਰ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਨਗਰ ਨਿਗਮ ਵੱਲੋਂ ਦੋ ਦਿਨਾਂ ਦੇ ਅੰਦਰ ਮਾਣਯੋਗ ਅਦਾਲਤ ਵਿੱਚ ਜਵਾਬ ਦਾਇਰ ਕੀਤਾ ਜਾਵੇਗਾ। ਫਤਿਹਜੰਗ ਬਾਜਵਾ ਨੇ ਕਿਹਾ ਕਿ ਠੇਕੇਦਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸੰਸਥਾਵਾਂ ਤੋਂ ਸ਼ਹਿਰ ਵਿੱਚ ਹੋਰਡਿੰਗ ਬੋਰਡ ਲਗਾਉਣ ਲਈ ਐਡਵਾਂਸ ਪੇਮੈਂਟ ਵੀ ਲਈ ਗਈ ਹੈ। ਜੇਕਰ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਹੋਰਡਿੰਗ ਬੋਰਡ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਠੇਕੇਦਾਰ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਹੋਰਡਿੰਗ ਬੋਰਡ ਲਗਾਏ ਜਾ ਰਹੇ ਹਨ, ਜਦਕਿ ਦੂਜੀਆਂ ਸਿਆਸੀ ਪਾਰਟੀਆਂ ਦੇ ਹੋਰਡਿੰਗ ਬੋਰਡ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਮੌਕੇ ਠੇਕੇਦਾਰ ਸੁਨੀਰ ਕੁਮਾਰ ਸੋਨੂੰ, ਬਲਬੀਰ ਸਿੰਘ, ਅਜੇ ਰਿਸ਼ੀ, ਰਾਜਬੀਰ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ। ਕੀ ਕਹਿਣਾ ਹੈ ਮੇਅਰ ਨਗਰ ਨਿਗਮ ਦਾ ਇਸ ਸੰਬੰਧੀ ਜਦ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਮਾਣਯੋਗ ਅਦਾਲਤ ਤੇ ਨਗਰ ਨਿਗਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਠੇਕੇਦਾਰ ਨੇ ਨਗਰ ਨਿਗਮ ਨੂੰ ਅਜੇ 44 ਲੱਖ ਰੁਪਏ ਬਕਾਇਆ ਰਾਸ਼ੀ ਦੇਣੀ ਹੈ ਤੇ ਉਸ ਵੱਲੋਂ ਜਾਣਬੁਝ ਕੇ ਮੇਲੇ ਦੌਰਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ 2-3 ਦਿਨਾਂ ਤੱਕ ਮਾਣਯੋਗ ਅਦਾਲਤ ਅੱਗੇ ਆਪਣਾ ਪੱਖ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਸ਼ਹਿਰ ’ਚ ਕੋਈ ਵੀ ਨਵਾਂ ਹੋਰਡਿੰਗ ਬੋਰਡ ਨਹੀਂ ਲਗਾਇਆ ਜਾਵੇਗਾ ਤੇ ਨਾ ਹੀ ਪਹਿਲੇ ਲੱਗੇ ਕਿਸੇ ਹੋਰਡਿੰਗ ਬੋਰਡਾਂ ਨੂੰ ਹਟਇਆ ਜਾਵੇਗਾ।