ਬਾਰਿਸ਼ ਕਾਰਨ ਕਣਕ ਕਾਸ਼ਤਕਾਰਾਂ ਦੇ ਚਿਹਰੇ ਮੁਰਝਾਏ
ਰੁਕ ਰੁਕ ਹੋ ਰਹੀ ਬਾਰਿਸ਼ ਕਾਰਨ ਕਣਕ ਕਾਸ਼ਤਕਾਰਾਂ ਦੇ ਚਿਹਰੇ ਮੁਰਝਾਏ
Publish Date: Sat, 04 Apr 2026 06:04 PM (IST)
Updated Date: Sun, 05 Apr 2026 04:05 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿੱਚ ਪੱਕ ਰਹੀ ਕਣਕ ਦੇ ਕਾਸ਼ਤਕਾਰਾਂ ਦੇ ਚਿਹਰੇ ਮੁਰਝਾਏ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਵਾਰ ਖੇਤੀਬਾੜੀ ਵਿਭਾਗ ਵੱਲੋਂ 1 ਲੱਖ 84 ਹਜ਼ਾਰ ਹੈਕਟੇਅਰ ਵਿੱਚ ਕਣਕ ਦੀ ਬਿਜਾਈ ਹੇਠ ਰਕਬਾ ਲਿਆਂਦਾ ਗਿਆ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਰੁਕ ਰੁਕ ਕੇ ਬਾਰਿਸ਼ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਰੂਪ ਸਿੰਘ, ਜਸਬੀਰ ਸਿੰਘ, ਸੰਦੀਪ ਸਿੰਘ, ਗੁਰਨਾਮ ਸਿੰਘ, ਹਰਦੇਵ ਸਿੰਘ ਆਦਿ ਨੇ ਦੱਸਿਆ ਕਿ ਜਿੱਥੇ ਪਿਛਲੀ ਦਿਨੀ ਤੇਜ ਬਾਰਿਸ਼ ਅਤੇ ਹਨੇਰੀ ਕਾਰਨ ਲੰਮੇ ਪਈਆਂ ਖੇਤਾਂ ਵਿੱਚ ਕਣਕ ਦੀਆਂ ਫ਼ਸਲਾਂ ਤੇ ਹੁਣ ਲਗਾਤਾਰ ਦੋ ਦਿਨਾਂ ਤੋਂ ਰੁਕ-ਰੁਕ ਪੈ ਰਹੀ ਬਾਰਿਸ਼ ਦਾ ਪਾਣੀ ਪੈਣ ਕਰਕੇ ਜ਼ਮੀਨ ਨਾਲ ਲੱਗੇ ਕਣਕ ਦੇ ਛਿੱਟੇ ਅਤੇ ਕਣਕ ਦਾ ਨਾੜ ਗਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਕਿਸਾਨਾਂ ਦੀ ਖੇਤਾਂ ’ਚ ਪੱਕ ਰਹੀ ਕਣਕ ਦੀ ਕਟਾਈ ਜਿੱਥੇ ਪੱਛੜ ਰਹੀ ਹੈ ਉੱਥੇ ਜਿਨ੍ਹਾਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਸਰ੍ਹੋਂ ਦੀ ਕਟਾਈ ਕੀਤੀ ਸੀ ਮੀਂਹ ਦੀਆਂ ਕਣੀਆਂ ਪੈਣ ਨਾਲ ਸਰ੍ਹੋਂ ਵੀ ਕਿਰ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਮੌਸਮ ਵਿਭਾਗ ਵੱਲੋਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੀ ਬਾਰਿਸ਼ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਰੁਕ ਰੁਕ ਕੇ ਬਾਰਿਸ਼ ਹੁੰਦੀ ਰਹੀ ਤਾਂ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਸੋਨੇ ਵਰਗੀ ਕਣਕ ਦੀ ਫ਼ਸਲ ਨੁਕਸਾਨੀ ਜਾ ਸਕਦੀ ਹੈ।