- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ਵਿੱਚ ਇੰਟਰ ਹਾਊਸ ਵਿਗਿਆਨ ਕੁਇਜ਼ ਮੁਕਾਬਲੇ ਕਰਵਾਏ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਲਾਨੌਰ ਦੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁਖਜੀਤ ਕੌਰ ਮੱਲ੍ਹੀ, ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਦੀ ਰਹਿਨੁਮਾਈ ਅਤੇ ਸਕੂਲ ਦੇ ਸਾਇੰਸ ਕੋਆਰਡੀਨੇਟਰ ਸਰਬਜੀਤ ਕੌਰ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਰਕਸ਼ੀਲਤਾ ਅਤੇ ਗਿਆਨ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਇੰਟਰ ਹਾਊਸ ਵਿਗਿਆਨ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਹਾਊਸਾਂ ਦੀ ਨੁਮਾਇੰਦਗੀ ਕਰਦਿਆਂ ਭਾਗ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਤੋਂ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਵਾਤਾਵਰਣ, ਪੁਲਾੜ ਵਿਗਿਆਨ, ਤਕਨਾਲੋਜੀ, ਮਨੁੱਖੀ ਸਰੀਰ ਅਤੇ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਵਰਤੋਂ ਨਾਲ ਸਬੰਧਤ ਵੱਖ-ਵੱਖ ਪ੍ਰਸ਼ਨ ਪੁੱਛੇ ਗਏ। ਪ੍ਰਸ਼ਨਾਂ ਰਾਹੀਂ ਵਿਦਿਆਰਥੀਆਂ ਦੇ ਵਿਗਿਆਨਕ ਗਿਆਨ ਦੇ ਨਾਲ-ਨਾਲ ਉਨ੍ਹਾਂ ਦੀ ਤੁਰੰਤ ਸੋਚਣ, ਤਰਕ ਕਰਨ ਅਤੇ ਸਹੀ ਜਵਾਬ ਦੇਣ ਦੀ ਯੋਗਤਾ ਨੂੰ ਵੀ ਪਰਖਿਆ ਗਿਆ। ਮੁਕਾਬਲੇ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਫਤਿਹ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਜੁਝਾਰ ਸਿੰਘ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਇੰਟਰ ਹਾਊਸ ਵਿਗਿਆਨ ਕੁਇਜ਼ ਮੁਕਾਬਲੇ ਵਿੱਚ ਯੋਗ ਭੂਮਿਕਾ ਨਿਭਾਉਣ ਲਈ ਸਾਇੰਸ ਕੋਆਰਡੀਨੇਟਰ ਸਰਬਜੀਤ ਕੌਰ ਦਾ ਧੰਨਵਾਦ ਕੀਤਾ। ਉਹਨਾ ਆਖਿਆ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਜਿਗਿਆਸਾ, ਰਚਨਾਤਮਕਤਾ ਅਤੇ ਤਰਕਸ਼ੀਲ ਸੋਚ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਪ੍ਰਬੰਧਨ ਵੱਲੋਂ ਵਿਗਿਆਨ ਵਿਭਾਗ ਦੇ ਅਧਿਆਪਕਾਂ ਅਤੇ ਹਾਊਸ ਕੋਆਰਡੀਨੇਟਰਾ ਅਨਮੋਲ, ਮਨਿੰਦਰ ਕੌਰ, ਲਵਪ੍ਰੀਤ ਕੌਰ, ਜਗਜੀਤ ਸਿੰਘ, ਅਮਰਜੀਤ ਕੌਰ, ਲਵਪ੍ਰੀਤ ਕੌਰ, ਨਵਜੋਤ, ਮਨੀਸ਼ਾ, ਨਵਦੀਪ ਆਦਿ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।