ਆਰਆਰ ਬਾਵਾ ਕਾਲਜ ’ਚ ਸੰਸਥਾਗਤ ਨਵੀਨਤਾ ਦਿਵਸ ਮਨਾਇਆ ਆਰਆਰ ਬਾਵਾ ਕਾਲਜ ਬਟਾਲਾ ਵਿਖੇ ਸੰਸਥਾਗਤ ਨਵੀਨਤਾ ਦਿਵਸ ਦਾ ਆਯੋਜਨ
Publish Date: Sat, 17 Oct 2026 04:22 PM (IST)
Updated Date: Sun, 18 Oct 2026 04:01 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਆਰਆਰ ਬਾਵਾ ਡੀਏਵੀ ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਅਤੇ ਹਰੀਸ਼ ਕੁਮਾਰ ਸ਼ਰਮਾ (ਆਈਆਈਸੀ ਮੀਤ ਪ੍ਰਧਾਨ) ਅਤੇ ਡਾ. ਲੱਕੀ ਸ਼ਰਮਾ (ਆਈਆਈਸੀ ਕਨਵੀਨਰ) ਦੇ ਸਹਿਯੋਗ ਨਾਲ ਭਾਰਤ ਦੇ ਸਾਬਕਾ ਰਸ਼ਟਰਪਤੀ, ਪ੍ਰਸਿੱਧ ਵਿਗਿਆਨੀ, ਦੂਰਦਰਸ਼ੀ ਨੇਤਾ ਤੇ ਨਵੀਨਤਾ ਤੇ ਵਿਗਿਆਨਕ ਸੋਚ ਦੇ ਪ੍ਰੇਰਣਸਰੋਤ ਡਾ. ਏਪੀਜੇ ਅਬਦੁਲ ਕਲਾਮ ਦੇ ਜਨਮ ਦਿਵਸ ਮੌਕੇ ’ਤੇ ਸੰਸਥਾਗਤ ਨਵੀਨਤਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਹਰੀਸ਼ ਕੁਮਾਰ ਸ਼ਰਮਾ ਤੇ ਅਮਰਜੀਤ ਕੌਰ ਨੇ ਨਵੀਨਤਾ ਅਤੇ ਖੋਜ ਦੀ ਮਹੱਤਤਾ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤੇ। ਇਸ ਸਮਾਗਮ ਰਾਹੀਂ ਇੱਕ ਪ੍ਰਗਤੀਸ਼ੀਲ ਅਤੇ ਆਤਮ-ਨਿਰਭਰ ਰਾਸ਼ਟਰ ਦੇ ਵਿਕਾਸ ਵਿੱਚ ਨਵੀਨਤਾ, ਉੱਦਮਸ਼ੀਲਤਾ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਦੇ ਹੁਨਰਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਵਿਦਿਆਰਥਣਾਂ ਨੂੰ ਨਵੇਂ ਵਿਚਾਰ ਅਪਣਾਉਣ, ਉੱਭਰ ਰਹੀਆਂ ਤਕਨਾਲੋਜੀਆਂ ਦੀ ਪੜਚੋਲ ਕਰਨ ਤੇ ਆਪਣੇ ਸਿਰਜਣਾਤਮਕ ਵਿਚਾਰਾਂ ਨੂੰ ਅਮਲੀ ਰੂਪ ਦੇ ਕੇ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਜੀਵਨ ਅੱਜ ਵੀ ਨੌਜਵਾਨਾਂ ਨੂੰ ਉੱਤਮਤਾ ਪ੍ਰਾਪਤ ਕਰਨ, ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਅਤੇ ਆਪਣੇ ਗਿਆਨ ਦੀ ਵਰਤੋਂ ਸਮਾਜ ਦੀ ਭਲਾਈ ਲਈ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜਗਿਆਸੂ ਬਣਨ, ਨਵੀਨਤਮ ਤੇ ਸਿਰਜਣਾਤਮਕ ਸੋਚ ਵਿਕਸਿਤ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਰਮਨਦੀਪ ਕੌਰ, ਸਿਮਰਨਜੀਤ ਕੌਰ, ਕੰਵਲਜੀਤ ਕੌਰ ਤੇ ਨਮਨ ਲਖਨਪਾਲ ਵੀ ਹਾਜ਼ਰ ਸਨ।