ਮਿਠਾਈ ਤੇ ਬੇਕਰੀ ਦੇ 10 ਯੂਨਿਟਾਂ ਦੀ ਚੈਕਿੰਗ, ਕਮੀਆਂ ਮਿਲਣ 'ਤੇ ਨੋਟਿਸ ਜਾਰੀ ਮਿਠਾਈ ਤੇ ਬੇਕਰੀ ਦੇ 10 ਯੂਨਿਟਾਂ ਦੀ ਚੈਕਿੰਗ, ਕਮੀਆਂ ਮਿਲਣ 'ਤੇ ਨੋਟਿਸ ਜਾਰੀ
Publish Date: Mon, 21 Sep 2026 04:53 PM (IST)
Updated Date: Mon, 21 Sep 2026 04:56 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਕਮਿਸ਼ਨਰ ਫੂਡ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀਐੱਸ ਪੰਨੂ ਦੀ ਅਗਵਾਈ ਹੇਠ ਮਿਠਾਈ ਅਤੇ ਬੇਕਰੀ ਉਤਪਾਦ ਵੇਚਣ ਵਾਲੇ ਵਿਕਰੇਤਾਵਾਂ ਦੇ 10 ਯੂਨਿਟਾਂ ਦੀ ਚੈਕਿੰਗ ਅਤੇ ਇੰਸਪੈਕਸ਼ਨ ਕੀਤੀ ਗਈ। ਜਿੱਥੇ ਕਮੀਆਂ ਪਾਈਆਂ ਗਈਆਂ ਉਨ੍ਹਾਂ ਦੇ ਫੋਸਕੋਸ ਤੇ ਆਨਲਾਈਨ ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀਐੱਸ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਉਨ੍ਹਾਂ ਨੇ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ ਤੇ ਹੋਰ ਟੀਮ ਨਾਲ ਖੇਤਰ ਵਿੱਚ ਮਿਠਾਈ ਅਤੇ ਬੇਕਰੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਹੈ। ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਦੁਕਾਨਦਾਰਾਂ ਨੂੰ ਇੱਕ ਹਫ਼ਤੇ ਦੇ ਵਿੱਚ ਸਾਰੀਆਂ ਕਮੀਆਂ ਦੂਰ ਕਰਨ ਲਈ ਕਿਹਾ ਗਿਆ। ਜੇਕਰ ਦੁਕਾਨਦਾਰ ਕਮੀਆਂ ਦੂਰ ਨਹੀਂ ਕਰਨਗੇ ਤਾਂ ਉਨ੍ਹਾਂ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ਸਬੰਧੀ, ਸਿਰ ਢੱਕ ਕੇ ਰੱਖਣ ਸਬੰਧੀ, ਚੰਗੀ ਗੁਣਵੱਤਾ ਦਾ ਮਟੀਰੀਅਲ ਵਰਤਣ ਲਈ ਅਤੇ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਕਿਹਾ ਗਿਆ ਹੈ। ਪਾਣੀ ਦਾ ਟੈਸਟ ਕਰਵਾਉਣ ਲਈ ਵੀ ਕਿਹਾ ਗਿਆ ਹੈ। ਜੇਕਰ ਦੁਕਾਨਦਾਰ ਫੂਡ ਸੇਫਟੀ ਐਕਟ ਦੀ ਪਾਲਣਾ ਨਹੀਂ ਕਰਨਗੇ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਜੀਐੱਸ ਪੰਨੂ ਨੇ ਕਿਹਾ ਕਿ ਸਮੂਹ ਦੁਕਾਨਦਾਰਾਂ ਨੂੰ ਐੱਫਐੱਸਐੱਸਏਆਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਪੂਰਨ ਸਫ਼ਾਈ ਵਿਵਸਥਾ ਰੱਖਣ ਲਈ ਕਿਹਾ ਗਿਆ। ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਖ਼ਿਲਾਫ਼ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਦੇ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਜਾਂ ਲਾਇਸੈਂਸ ਲੈਣ ਲਈ ਕਿਹਾ ਗਿਆ। ਇਸ ਦੌਰਾਨ ਡਾ. ਪੰਨੂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਜ਼ਿਆਦਾ ਰੰਗਾਂ ਤੋਂ ਰਹਿਤ ਮਿਠਾਈਆਂ ਹੀ ਖਾਣ, ਤਾਂ ਜੋ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਚੰਗੀ ਤਰ੍ਹਾਂ ਵੇਖ-ਪਰਖ ਕੇ ਹੀ ਖਾਣ-ਪੀਣ ਦਾ ਸਾਮਾਨ ਖਰੀਦਿਆ ਜਾਵੇ।