- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਡਾਲਾ ਬਾਂਗਰ ਦੇ ਸਕੂਲ ਵਿੱਚ ਚੜ੍ਹਦੀ ਕਲਾ ਸਪੋਰਟਸ ਕਲੱਬ ਦਾ ਉਪਰਾਲਾ, ਬੱਚਿਆਂ ਨੂੰ ਮਿਲ ਰਹੀ ਖੇਡਾਂ ਦੀ ਸਿਖਲਾਈ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਵਡਾਲਾ ਬਾਂਗਰ ਦੇ ਪਤਵੰਤੇ ਸੱਜਣਾਂ ਤੇ ਸਾਬਕਾ ਫੌਜੀ ਵੀਰਾਂ ਨੇ ਉੱਦਮ ਕਰਕੇ ਨਗਰ ਦੇ ਸਕੂਲ ਵਿੱਚ "ਚੜ੍ਹਦੀ ਕਲਾ ਸਪੋਰਟਸ ਕਲੱਬ" ਬਣਵਾਇਆ ਹੈ। ਇਸ ਕਲੱਬ ’ਚ ਦੌੜਾਂ ਲਈ ਵੱਡਾ ਟਰੈਕ ਅਤੇ ਫੁੱਟਬਾਲ ਦਾ ਗਰਾਊਂਡ ਹੋਣ ਕਾਰਨ ਪਿੰਡ ਅਤੇ ਲਾਗਲੇ ਪਿੰਡਾਂ ਦੇ ਛੋਟੇ-ਵੱਡੇ ਬੱਚੇ ਸਵੇਰੇ-ਸ਼ਾਮ ਹਾਜ਼ਰੀ ਲਵਾਉਂਦੇ ਹਨ। ਕਈ ਮੁੰਡਿਆਂ ਦੀ ਫ਼ੌਜ ਤੇ ਪੁਲਿਸ ’ਚ ਚੋਣ ਹੋ ਗਈ ਹੈ। ਫੁੱਟਬਾਲ ਦੀ ਟੀਮ ਦੀ ਤਿਆਰੀ ਪਿੰਡ ਦਾ ਹੀ ਨੌਜਵਾਨ ਹਰਮੀਤ ਸਿੰਘ ਵਧੀਆ ਢੰਗ ਨਾਲ ਕਰਵਾਉਂਦਾ ਹੈ। ਕਈ ਬੱਚਿਆਂ ਦੀ ਚੋਣ ਵੱਖ-ਵੱਖ ਕਲੱਬਾਂ ਤੇ ਅਕੈਡਮੀਆਂ ’ਚ ਹੋ ਗਈ, ਪਰ ਕਈ ਬੱਚਿਆਂ ਦੇ ਮਾਪਿਆਂ ਨੇ ਬੱਚੇ ਨਹੀਂ ਭੇਜੇ। ਸਿਰਫ਼ ਹਰਮੀਤ ਸਿੰਘ ਨੇ ਹੀ ਆਪਣਾ ਪੁੱਤਰ ਮਾਹਲਪੁਰ ਭੇਜਿਆ, ਜਿੱਥੋਂ ਉਹ ਨੈਸ਼ਨਲ ਖੇਡਣ ਗਿਆ ਤੇ ਬੈਸਟ ਗੋਲਕੀਪਰ ਦੀ ਟਰਾਫੀ ਲੈ ਕੇ ਆਇਆ। ਇਸ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਹੀ ਐੱਨਆਰਆਈ ਵੀਰ ਭੁਪਿੰਦਰ ਸਿੰਘ (ਯੂਐੱਸਏ ਵਾਲੇ) ਨੇ ਸਾਰੀ ਫੁੱਟਬਾਲ ਟੀਮ ਨੂੰ ਵਰਦੀਆਂ/ਕਿੱਟਾਂ ਬਣਵਾ ਕੇ ਦਿੱਤੀਆਂ। ਵੰਡਣ ਦਾ ਕੰਮ ਕਲੱਬ ਦੇ ਪ੍ਰਧਾਨ ਕੈਪਟਨ ਬਲਵਿੰਦਰ ਸਿੰਘ ਹੋਰਾਂ ਨੇ ਆਪਣੀ ਟੀਮ ਨਾਲ ਜਾ ਕੇ ਕੀਤਾ। ਇਸ ਸਮੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਵਾਲੀਬਾਲ ਕੋਰਟ ਤਿਆਰ ਹੋ ਰਿਹਾ ਹੈ। 6×6 ਦਾ ਹਾਕੀ ਗਰਾਊਂਡ ਅਤੇ ਕ੍ਰਿਕਟ ਦੀ ਤਿਆਰੀ ਲਈ ਨੈੱਟ ਵਾਲੀ ਪਿੱਚ ਤਿਆਰ ਕੀਤੀ ਜਾਣੀ ਹੈ। ਸਟੇਡੀਅਮ ਦੇ ਦੁਆਲੇ ਲਾਈਟਾਂ ਸਰਕਾਰ ਵੱਲੋਂ ਲੁਆ ਦਿੱਤੀਆਂ ਹਨ। ਕੈਪਟਨ ਬਲਵਿੰਦਰ ਸਿੰਘ ਵੱਲੋਂ ਗਰਾਊਂਡ ਦੀ ਸਫ਼ਾਈ ਆਦਿ ਲਈ ਵਧੇਰੇ ਸਹਿਯੋਗ ਅਤੇ ਸਾਥ ਦੀ ਲੋੜ ਲਈ ਅਪੀਲ ਕੀਤੀ ਗਈ ਤੇ ਵੱਧ ਬੱਚਿਆਂ ਨੂੰ ਗਰਾਊਂਡ ’ਚ ਹਾਜ਼ਰ ਹੋਣ ਲਈ ਪ੍ਰੇਰਿਆ। ਇਸ ਮੌਕੇ ਚੇਅਰਮੈਨ ਸਤੀਸ਼ ਕੁਮਾਰ, ਪ੍ਰਧਾਨ ਕੈਪਟਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ, ਸਕੱਤਰ ਪਵਨ ਕੁਮਾਰ, ਜਨਰਲ ਸਕੱਤਰ ਮੁਖਵਿੰਦਰ ਸਿੰਘ, ਖਜ਼ਾਨਚੀ ਜੋਗਿੰਦਰ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਮੌਜੂਦ ਸਨ।