- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਲਾਈਲਾਮਾ ਨਾਲ ਇੰਦਰੇਸ਼ ਕੁਮਾਰ ਅਤੇ ਪਰਮਜੀਤ ਗਿੱਲ ਦੀ ਮੁਲਾਕਾਤ ਦੌਰਾਨ ਸ਼ਾਂਤੀ ਅਤੇ ਤਿੱਬਤ ਸਮੇਤ ਕਈ ਮੁੱਦਿਆਂ 'ਤੇ ਚਰਚਾ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਤਿੱਬਤੀ ਧਰਮਗੁਰੂ ਦਲਾਈ ਲਾਮਾ ਨਾਲ ਮੈਕਲੋਡਗੰਜ ਵਿਖੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਕਾਰਜਕਾਰਣੀ ਮੈਂਬਰ ਇੰਦਰੇਸ਼ ਕੁਮਾਰ , ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਅਤੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਸਤ ਪ੍ਰਕਾਸ਼ ਬੰਸਲ ਨੇ ਵਿਸੇਸ਼ ਮੁਲਾਕਾਤ ਕੀਤੀ। ਜਾਂਣਕਾਰੀ ਮੁਤਾਬਕ ਇਸ ਦੌਰਾਨ ਸ਼ਾਂਤੀ, ਸਦਭਾਵਨਾ, ਕਰੁਣਾ, ਮਿੱਤਰਤਾ ਅਤੇ ਤਿੱਬਤ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਹੋਈ। ਇੰਦਰੇਸ਼ ਕੁਮਾਰ ਅਤੇ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਦਲਾਈ ਲਾਮਾ ਨਾਲ ਹੋਈ ਮੁਲਾਕਾਤ ਪੂਰੀ ਤਰ੍ਹਾਂ ਗੈਰ-ਰਸਮੀ ਸੀ। ਉਨ੍ਹਾਂ ਕਿਹਾ ਕਿ ਦਲਾਈ ਲਾਮਾ ਨੇ ਭਾਰਤ ਦੀ ਉਸ ਪਰੰਪਰਾ ਦਾ ਜ਼ਿਕਰ ਕੀਤਾ, ਜਿਸ ਵਿੱਚ ਸਾਰੇ ਧਰਮਾਂ ਅਤੇ ਆਸਥਾਵਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਭਾਰਤ ਵਿੱਚ ਹਰ ਵਿਅਕਤੀ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਦੀ ਪਾਲਣਾ ਕਰਨ ਦੀ ਆਜ਼ਾਦੀ ਅਤੇ ਸਤਿਕਾਰ ਪ੍ਰਾਪਤ ਹੈ। ਮੁਲਾਕਾਤ ਦੌਰਾਨ ਤਿੱਬਤ ਅਤੇ ਤਿੱਬਤੀ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਵੀ ਚਰਚਾ ਹੋਈ।ਇੰਦਰੇਸ਼ ਕੁਮਾਰ ਅਤੇ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਹਿਮਾਲਿਆ ਪਰਿਵਾਰ ਅਤੇ ਭਾਰਤ-ਤਿੱਬਤ ਸਹਿਯੋਗ ਮੰਚ ਸਮੇਤ ਕਈ ਸੰਗਠਨ ਤਿੱਬਤ ਅਤੇ ਤਿੱਬਤੀ ਲੋਕਾਂ ਲਈ ਦੇਸ਼ ਭਰ ਵਿੱਚ ਪ੍ਰਾਰਥਨਾ ਸਭਾਵਾਂ ਅਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ। ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਵੱਲੋਂ ਦਲਾਈ ਲਾਮਾ ਦੀ ਇੱਛਾ ਅਨੁਸਾਰ ਜਲਦ ਹੀ ਅੰਤਰਰਾਸ਼ਟਰੀ ਸ਼ਾਂਤੀ ਸੰਮੇਲਨ ਆਯੋਜਿਤ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਪਹਿਲ 'ਤੇ ਦਲਾਈ ਲਾਮਾ ਨੇ ਖੁਸ਼ੀ ਪ੍ਰਗਟਾਈ। ਬੈਠਕ ਵਿੱਚ ਸਿੰਧੂ ਕੁੰਭ ਅਤੇ ਤਵਾਂਗ ਤੀਰਥ ਯਾਤਰਾ ਸਮੇਤ ਹੋਰ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਹੋਇਆ। ਇੰਦਰੇਸ਼ ਕੁਮਾਰ ਅਤੇ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਧਰਮ, ਸੰਵਾਦ ਅਤੇ ਸਦਭਾਵਨਾ ਦੀ ਧਰਤੀ ਹੈ। ਦੇਸ਼ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਦੁਨੀਆ ਵਿੱਚ ਸ਼ਾਂਤੀ, ਆਪਸੀ ਸਤਿਕਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਰਹੇਗਾ।