- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਮਨ ਬਹਿਲ ਵਲੋਂ 85 ਲੱਖ ਦੀ ਲਾਗਤ ਨਾਲ ਉਸਾਰੇ ਗਏ ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਉਦਘਾਟਨ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵੱਲੋਂ ਲੋਕਹਿੱਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਉਨ੍ਹਾਂ ਵੱਲੋਂ ਗ੍ਰਾਮ ਪੰਚਾਇਤ ਸਾਧੂ ਚੱਕ, ਹੇਮਰਾਜਪੁਰ ਅਤੇ ਹਯਾਤ ਨਗਰ ਵਿਖੇ 85 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੇਂ ਬਣੇ ‘ਹੈਲਥ ਐਂਡ ਵੈੱਲਨੈੱਸ ਸੈਂਟਰਾਂ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਹੇਮਰਾਜਪੁਰ ਵਿਖੇ ਰੰਗਲਾ ਪੰਜਾਬ ਸਕੀਮ ਅਧੀਨ ਮੀਆਂ ਵਾਟੀ ਜੰਗਲ ਦੀ ਉਸਾਰੀ ਦਾ ਵੀ ਕੀਤਾ ਉਦਘਾਟਨ ਕੀਤਾ ਗਿਆ ਅਤੇ ਬੂਟਾ ਲਗਾਇਆ ਗਿਆ। ਇਸ ਤੋਂ ਇਲਾਵਾ ਪਿੰਡ ਵਿੱਚ ਸਮਸ਼ਾਨਘਾਟ ਵਿਖੇ 9 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸ਼ੈੱਡ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਅੱਜ ਤਿੰਨ ਪਿੰਡਾਂ ਵਿੱਚ ‘ਹੈਲਥ ਐਂਡ ਵੈੱਲਨੈੱਸ ਸੈਂਟਰਾਂ’ ਦਾ ਉਦਘਾਟਨ ਕੀਤਾ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਵੱਖ ਵੱਖ ਬਿਮਾਰੀਆਂ ਦਾ ਇਲਾਜ ਕਰਵਾ ਸਕਣਗੇ। ਰਮਨ ਬਹਿਲ ਨੇ ਕਿਹਾ ਕਿ ਲੋਕਾਂ ਨੂੰ ਘਰ-ਘਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਰਮਨ ਬਹਿਲ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਲੈਬ ਟੈਸਟ ਲਈ ਜਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ ਹੈ। ਦਵਾਈਆਂ ਦਾ ਵੀ ਪੂਰਾ ਸਟਾਕ ਵੀ ਮੌਜੂਦ ਹੈ। ਉਨ੍ਹਾਂ ਸਿਹਤ ਸਟਾਫ ਨੂੰ ਮਰੀਜ਼ਾਂ ਦੀ ਦਿੱਕਤ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕਿਹਾ ਗਿਆ ਹੈ ਅਤੇ ਕਿਹਾ ਕਿ ਜਰੂਰੀ ਟੈਸਟ ਕਿੱਟਾਂ, ਐਮਰਜੈਂਸੀ ਕਿੱਟਾਂ ਸਟਾਕ ਵਿੱਚ ਰੱਖਿਆ ਜਾਣ। ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰੀਬ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬਾ ਵਾਸੀਆਂ ਦੇ ਹਿੱਤ ਵਿੱਚ ਰਿਕਾਰਡ ਕਾਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਘਰ ਨੂੰ ਬਿਜਲੀ ਦੇ ਮਹੀਨੇ ਦੇ 300 ਯੂਨਿਟ ਮੁਫ਼ਤ ਦਿੱਤੇ ਜਿਸ ਨਾਲ ਹੁਣ ਪੰਜਾਬ ਦੇ 90 ਫੀਸਦ ਘਰਾਂ ਦੇ ਬਿੱਜਲੀ ਬਿੱਲ ਜ਼ੀਰੋ ਆ ਰਹੇ ਹਨ। ਪੰਜਾਬ ਦੇ ਹਰ ਪਰਿਵਾਰ ਦੇ ਇਲਾਜ ਲਈ 10 ਲੱਖ ਰੁਪਏ ਦਾ ਕੈਸ਼ਲੇਸ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਰਪੰਚ ਓਂਕਾਰ ਸਿੰਘ ਨਾਗੀ, ਸਰਪੰਚ ਰਮਨਬੀਰ ਸਿੰਘ ਰੋਮੀ ਬਾਜਵਾ, ਸਰਪੰਚ ਰਜਤ ਮਸੀਹ, ਬਲਾਕ ਸਮਿਤੀ ਮੈਂਬਰ ਪ੍ਰਭੂ ਮਸੀਹ, ਸੀਨਿਅਰ ਮੈਡੀਕਲ ਅਫ਼ਸਰ ਡਾਕਟਰ ਨਵਦੀਪ ਕੌਰ, ਸੀਨੀਅਰ ਆਗੂ ਹਿਤੇਸ਼ ਮਹਾਜਨ, ਸਮੂਹ ਪੰਚਾਇਤ ਮੈਂਬਰ, ਪਿੰਡ ਦੇ ਪਤਵੰਤੇ ਵਸਨੀਕ ਅਤੇ ਪਾਰਟੀ ਦੇ ਸਾਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।