ਰਮਨ ਬਹਿਲ ਵੱਲੋਂ ਆਧੁਨਿਕ ਇੰਟੀਗ੍ਰੇਟਿਡ ਲੈਬ ਦਾ ਉਦਘਾਟਨ ਰਮਨ ਬਹਿਲ ਵੱਲੋਂ 32.30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਇੰਟੀਗ੍ਰੇਟਿਡ ਲੈਬ ਦਾ ਉਦਘਾਟਨ
Publish Date: Sat, 07 Nov 2026 03:53 PM (IST)
Updated Date: Sun, 08 Nov 2026 04:03 AM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਅਤੇ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਭਾਰਤ ਭੂਸ਼ਨ ਸ਼ਰਮਾ ਦੇ ਯਤਨਾਂ ਸਦਕਾ ਹਲਕੇ ਦੇ ਤਿੰਨ ਸਰਕਾਰੀ ਸਕੂਲਾਂ ਵਿੱਚ ਕੁੱਲ 32 ਲੱਖ 30 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਨਵੇਂ ਕਲਾਸ ਰੂਮਾਂ ਅਤੇ ਇੱਕ ਆਧੁਨਿਕ ਇੰਟੀਗ੍ਰੇਟਿਡ ਮੈਥਸ ਨਾਲ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਦੇਣਾ ਸਮੇਂ ਦੀ ਲੋੜ ਹੈ। ਸਕੂਲਾਂ ਵਿੱਚ ਨਵੇਂ ਕਲਾਸ ਰੂਮਾਂ ਅਤੇ ਆਧੁਨਿਕ ਲੈਬਾਂ ਦੀ ਉਸਾਰੀ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਮਿਲੇਗਾ। ਉਨ੍ਹਾਂ ਕਿਹਾ ਕਿ ਹਲਕਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਉਣ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਭਾਰਤ ਭੂਸ਼ਨ ਸ਼ਰਮਾ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਤਿਹਾਸਕ ਕਦਮ ਚੁੱਕ ਰਹੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਰ ਪਹਿਲਕਦਮੀ ਵਿੱਚ ਸਰਕਾਰ ਮੋਹਰੀ ਭੂਮਿਕਾ ਨਿਭਾ ਰਹੀ ਹੈ। ਪਿੰਡ ਸਲੀਮਪੁਰ ਅਰਾਈਆਂ ਦੇ ਸਰਕਾਰੀ ਮਿਡਲ ਸਕੂਲ ਵਿੱਚ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਵਾਧੂ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਹੋਰ ਵਧੀਆ ਅਤੇ ਸੁਚੱਜਾ ਮਾਹੌਲ ਮਿਲੇਗਾ। ਇਸ ਮੌਕੇ ਸਕੂਲ ਇੰਚਾਰਜ ਬੂਟਾ ਰਾਮ ਅਤੇ ਪਿੰਡ ਦੇ ਸਰਪੰਚ ਕੁਲਵੰਤ ਰਾਜ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਮੰਗਲ ਹੁਸੈਨ ਦੇ ਸਰਕਾਰੀ ਮਿਡਲ ਸਕੂਲ ਵਿੱਚ ਵੀ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਸਕੂਲ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਦੀਆਂ ਸਹੂਲਤਾਂ ਵਿੱਚ ਹੋਰ ਵਾਧਾ ਹੋਵੇਗਾ। ਇਸ ਮੌਕੇ ਸਕੂਲ ਇੰਚਾਰਜ ਰਾਜ ਕੁਮਾਰ ਬਹਿਲ, ਪਿੰਡ ਦੇ ਸਰਪੰਚ ਸਾਬ ਮਸੀਹ ਅਤੇ ਪਿੰਡ ਸਲੀਮਪੁਰ ਅਫ਼ਗਾਨਾ ਦੇ ਸਰਪੰਚ ਸੁਨੀਲ ਮਸੀਹ ਵੀ ਮੌਜੂਦ ਸਨ। ਇਸ ਤੋਂ ਇਲਾਵਾ ਪਿੰਡ ਜੌੜਾ ਛਿੱਤੜਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 13 ਲੱਖ 20 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਆਧੁਨਿਕ ਇੰਟੀਗ੍ਰੇਟਿਡ ਮੈਥਸ ਨਾਲ ਸਾਇੰਸ ਲੈਬ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਕੁਮਾਰ, ਸਰਪੰਚ ਨਿਸ਼ਾਨ ਸਿੰਘ, ਸਰਪੰਚ ਰੋਸ਼ਨ ਲਾਲ ਪੂਰੋਵਾਲ ਰਾਜਪੂਤਾਂ ਅਤੇ ਸਰਪੰਚ ਬਲਜੀਤ ਸਿੰਘ ਬੋਪਾਰਾਏ ਹਾਜ਼ਰ ਸਨ।