ਗੁਰੂ ਨਾਨਕ ਕਾਲਜ ਵਲੋਂ ਪੁਸਤਕ ਸਭਿਆਚਾਰ ਲਈ ਬੇਮਿਸਾਲ ਉਪਰਾਲਾ ਜ਼ਰੂਰੀ.......ਗੁਰੂ ਨਾਨਕ ਕਾਲਜ ਬਟਾਲਾ ਵਲੋਂ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਬੇਮਿਸਾਲ ਉਪਰਾਲਾ
Publish Date: Thu, 08 Oct 2026 04:10 PM (IST)
Updated Date: Thu, 08 Oct 2026 04:11 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ ਅਤੇ ਸਕੱਤਰ ਵਿੱਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਗੁਰੂ ਨਾਨਕ ਕਾਲਜ ਬਟਾਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਨਿਰੰਤਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਸਾਲ ਦੂਜੀ ਵਾਰ 300 ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ, ਵਿਚਾਰਧਾਰਾਵਾਂ ਅਤੇ ਜੀਵਨ ਸਰੋਕਾਰਾਂ ਨਾਲ ਸਬੰਧਤ ਚੋਣਵੀਆਂ ਤੇ ਉੱਚ-ਮਿਆਰੀ ਪੁਸਤਕਾਂ ਵੰਡੀਆਂ ਗਈਆਂ। ਪੰਜਾਬੀ ਵਿਭਾਗ ਦਾ ਇਹ ਉਪਰਾਲਾ ਕੇਵਲ ਪੁਸਤਕਾਂ ਵੰਡਣ ਤੱਕ ਸੀਮਤ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਪੜ੍ਹਨ, ਵਿਚਾਰਨ ਅਤੇ ਆਪਣੇ ਸਾਹਿਤ ਦੀ ਸਮਝ ਨਾਲ ਜੋੜਨ ਦਾ ਯਤਨ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੁਸਤਕ ਮਨੁੱਖੀ ਗਿਆਨ ਅਤੇ ਅਨੁਭਵ ਦੀ ਅਜਿਹੀ ਧਰੋਹਰ ਹੈ, ਜੋ ਇੱਕ ਪੀੜ੍ਹੀ ਦੇ ਵਿਚਾਰਾਂ ਨੂੰ ਦੂਜੀ ਪੀੜ੍ਹੀ ਤੱਕ ਪਹੁੰਚਾਉਂਦੀ ਹੈ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਆਪਣੇ ਸੰਬੋਧਨ ’ਚ ਪੁਸਤਕ ਨੂੰ ਮਨੁੱਖ ਅਤੇ ਸਮਾਜ ਵਿਚਕਾਰ ਸੰਵਾਦ ਦਾ ਮਜ਼ਬੂਤ ਮਾਧਿਅਮ ਦੱਸਿਆ। ਪ੍ਰੋ. ਨਵਦੀਪ ਕੌਰ ਨੇ ਕਾਲਜ ਵਿਦਿਆਰਥੀਆਂ ਵੱਲੋਂ ਪਿਛਲੇ ਸਮੇਂ ਤੋਂ ਪੁਸਤਕ ਪੜਚੋਲ ਵਿੱਚ ਦਿਖਾਈ ਜਾ ਰਹੀ ਰੁਚੀ ਨੂੰ ਸ਼ਲਾਘਾਯੋਗ ਆਖਿਆ। ਜਦਕਿ ਡਾ. ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪੜ੍ਹਨ ਲਈ ਨਿਸ਼ਚਿਤ ਸਮਾਂ ਦੇਣ ਦੀ ਪ੍ਰੇਰਣਾ ਦਿੱਤੀ। ਪੁਸਤਕਾਂ ਪ੍ਰਾਪਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਉਨ੍ਹਾਂ ਨੂੰ ਪਾਠਕ੍ਰਮ ਤੋਂ ਬਾਹਰਲੇ ਸਾਹਿਤ ਨਾਲ ਜੋੜਨ ਦਾ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੀਆਂ ਹਨ। ਪ੍ਰੋ. ਸ਼ਹਿਬਾਜਦੀਪ ਸਿੰਘ ਨੇ ਕਿਹਾ ਕਿ ਵੱਖ-ਵੱਖ ਵਿਧਾਵਾਂ ਦੀਆਂ ਪੁਸਤਕਾਂ ਪੜ੍ਹਨ ਨਾਲ ਵਿਦਿਆਰਥੀ ਨੂੰ ਨਵੇਂ ਵਿਚਾਰਾਂ, ਨਵੇਂ ਅਨੁਭਵਾਂ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਇਸ ਮੌਕੇ ਪ੍ਰੋ. ਨਵਦੀਪ ਕੌਰ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਗੁਰਮੁਖ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਰਾਜਬੀਰ ਕੌਰ, ਪ੍ਰੋ. ਨਰਿੰਦਰ ਕੌਰ, ਪ੍ਰੋ. ਸ਼ੁਭਦੀਪ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਗੁਰਦੀਪ ਕੌਰ, ਕਾਲਜ ਸੁਪਰਡੈਂਟ ਸ. ਗੁਰਭੇਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।