ਵਾਰਡ-14 ’ਚ ਸੀਵਰੇਜ ਤੇ ਸੜਕ ਦਾ ਕੰਮ ਸ਼ੁਰੂ ਜ਼ਰੂਰੀ......ਵਾਰਡ ਨੰਬਰ 14 ਵਿੱਚ ਸੀਵਰੇਜ ਅਤੇ ਸੜਕ ਦਾ ਕੰਮ ਸ਼ੁਰੂ,
Publish Date: Fri, 16 Oct 2026 03:34 PM (IST)
Updated Date: Fri, 16 Oct 2026 03:36 PM (IST)
ਸ਼ਾਮ ਤਿਵਾੜੀ/ਰਾਜਨ ਤੇ੍ਰਹਨ, ਪੰਜਾਬੀ ਜਾਗਰਣ ਬਟਾਲਾ: ਸ਼ਹਿਰ ਦੇ ਵਾਰਡ ਨੰਬਰ 14 ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਰਵਾਈ ਕਰਦਿਆਂ ਡਾਨ ਫੋਂਟਰੀ ਵਾਲੀ ਗਲੀ ਵਿੱਚ ਸੀਵਰੇਜ ਅਤੇ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਸਫ਼ਾਈ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਨਗਰ ਨਿਗਮ ਬਟਾਲਾ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਵਾਰਡ ਨੰ.14 ਦਾ ਦੌਰਾ ਕਰਨ ਦੌਰਾਨ ਇਲਾਕਾ ਵਾਸੀਆਂ ਨੇ ਆਪਣੀਆਂ ਵੱਖ-ਵੱਖ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਸਨ। ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ ਸਨ। ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਵਾਰਡ ਇੰਚਾਰਜ ਰੋਹਿਤ ਸੁਖਦੇਵ ਅਤੇ ਵਾਰਡ ਦੇ ਵਸਨੀਕ ਵੀ ਮੌਜੂਦ ਸਨ। ਵਿਧਾਇਕ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੜਕਾਂ, ਸੀਵਰੇਜ ਅਤੇ ਸਾਫ਼-ਸਫ਼ਾਈ ਨਾਲ ਸਬੰਧਤ ਕੰਮਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਜਾਂ ਲਾਪਰਵਾਹੀ ਸਾਹਮਣੇ ਆਵੇਗੀ, ਉਸ ਨੂੰ ਦੂਰ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਵਾਰਡ ਇੰਚਾਰਜ ਰੋਹਿਤ ਸੁਖਦੇਵ ਦੇ ਧਿਆਨ ਵਿੱਚ ਲਿਆਉਣ। ਇਸ ਤੋਂ ਇਲਾਵਾ ਲੋਕ ਆਪਣੀਆਂ ਮੁਸ਼ਕਲਾਂ ਸਿੱਧੇ ਤੌਰ ’ਤੇ ਵੀ ਉਨ੍ਹਾਂ ਤੱਕ ਪਹੁੰਚਾ ਸਕਦੇ ਹਨ, ਤਾਂ ਜੋ ਉਨ੍ਹਾਂ ਦੇ ਹੱਲ ਲਈ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕਰਵਾਏ ਜਾਣਗੇ।ਸ਼ੈਰੀ ਕਲਸੀ ਨੇ ਕਿਹਾ ਕਿ ਵਾਰਡ ਨੰਬਰ 14 ਵਿੱਚ ਸੀਵਰੇਜ, ਸੜਕ ਅਤੇ ਸਫ਼ਾਈ ਦੇ ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਕਦਮ ਵਧਾਇਆ ਗਿਆ ਹੈ। ਹੁਣ ਇਨ੍ਹਾਂ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਅਤੇ ਇਲਾਕੇ ਵਿੱਚ ਸਫ਼ਾਈ ਦੀ ਵਿਵਸਥਾ ਨੂੰ ਨਿਰੰਤਰ ਬਣਾਈ ਰੱਖਣਾ ਮਹੱਤਵਪੂਰਨ ਹੋਵੇਗਾ।