ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ, ਸੜਕ ’ਤੇ ਚੱਲਣ ਨੂੰ ਮਜਬੂਰ ਵਿਦਿਆਰਥੀ
ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ, ਸੜਕ 'ਤੇ ਚੱਲਣ ਨੂੰ ਮਜ਼ਬੂਰ ਵਿਦਿਆਰਥੀ
Publish Date: Sun, 21 Jun 2026 03:33 PM (IST)
Updated Date: Sun, 21 Jun 2026 03:36 PM (IST)

- ਤ੍ਰਿਮੋ ਰੋਡ ਦਾ ਹਾਲ-ਬੇਹਾਲ, ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ : ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਫੁੱਟਪਾਥ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹ ਗਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਹਰ ਉਸ ਸੜਕ ’ਤੇ ਫੁੱਟਪਾਥ ਦਾ ਨਿਰਮਾਣ ਕਰਵਾਇਆ ਹੈ ਜਿੱਥੇ ਇਹ ਸੰਭਵ ਸੀ, ਪਰ ਇਨ੍ਹਾਂ ’ਤੇ ਲੰਬੇ ਸਮੇਂ ਤੋਂ ਰੇਹੜੀ-ਫੜੀ ਵਾਲਿਆਂ ਦੇ ਨਾਲ-ਨਾਲ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕਰ ਰੱਖੇ ਹਨ। ਇਸ ਕਾਰਨ ਆਮ ਲੋਕਾਂ ਨੂੰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਸੜਕਾਂ ’ਤੋਂ ਲੰਘਣਾ ਪੈ ਰਿਹਾ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਫੁੱਟਪਾਥਾਂ ’ਤੇ ਚੱਲਣ ਦਾ ਮੂਲ ਅਧਿਕਾਰ ਵੀ ਲੋਕਾਂ ਨੂੰ ਨਸੀਬ ਨਹੀਂ ਹੋ ਰਿਹਾ। ਸ਼ਹਿਰ ਦੇ ਤ੍ਰਿਮੋ ਰੋਡ ’ਤੇ ਸਥਿਤ ਸਰਕਾਰੀ ਕਾਲਜ ਦੇ ਆਸ-ਪਾਸ ਇਹ ਸਮੱਸਿਆ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ। ਰੋਜ਼ਾਨਾ ਸੈਂਕੜੇ ਵਿਦਿਆਰਥੀ ਇਸ ਕਾਲਜ ਵਿੱਚ ਪੜ੍ਹਨ ਆਉਂਦੇ ਹਨ। ਇਸ ਰੋਡ ਤੇ ਦੋਵੇਂ ਪਾਸੇ ਫੁੱਟਪਾਥ ਤਾਂ ਬਣਾਏ ਗਏ ਹਨ ਪਰ ਨਾਜਾਇਜ਼ ਕਬਜ਼ਿਆਂ ਕਾਰਨ ਵਿਦਿਆਰਥੀ ਇੰਨਾਂ ਫੁੱਟਪਾਥਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ। ਫੁੱਟਪਾਥਾਂ ’ਤੇ ਰੇਹੜੀਆਂ ਅਤੇ ਦੁਕਾਨਦਾਰਾਂ ਦਾ ਸਮਾਨ ਰੱਖੇ ਹੋਣ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਸੜਕ ਦਾ ਸਹਾਰਾ ਲੈਣਾ ਪੈਂਦਾ ਹੈ, ਜਿੱਥੇ ਵਾਹਨਾਂ ਦੀ ਰਫ਼ਤਾਰ ਦੇ ਵਿਚਕਾਰ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਰਹਿੰਦੀ ਹੈ। ਇਸ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ ਦੋ ਸਾਲ ਪਹਿਲਾਂ ਇੱਕ ਵੱਡਾ ਕਦਮ ਚੁੱਕਿਆ ਸੀ। ਰੇਹੜੀ-ਫੜੀ ਵਾਲਿਆਂ ਨੂੰ ਮੇਹਰ ਚੰਦ ਰੋਡ ਤੇ ਵਿਕਲਪਕ ਜਗ੍ਹਾ ਉਪਲਬਧ ਕਰਵਾਈ ਗਈ ਸੀ। ਹਾਲਾਂਕਿ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ। ਮੇਹਰ ਚੰਦ ਰੋਡ ਤੇ ਗੰਦਾ ਨਾਲਾ ਹੋਣ ਕਾਰਨ ਰੇਹੜੀ-ਫੜੀ ਯੂਨੀਅਨ ਨੇ ਉੱਥੇ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਕਾਰਨ ਸ਼ਹਿਰ ਦੀਆਂ ਤਮਾਮ ਰੇਹੜੀਆਂ ਅਤੇ ਫੜੀਆਂ ਨਵੀਂ ਜਗ੍ਹਾ ਤੇ ਸ਼ਿਫਟ ਨਹੀਂ ਹੋ ਸਕੀਆਂ ਅਤੇ ਉਹ ਵਾਪਸ ਫੁੱਟਪਾਥਾਂ ਤੇ ਕਬਜ਼ਾ ਕਰਨ ਲੱਗ ਪਈਆਂ। ਪੈਦਲ ਚੱਲਣ ਵਾਲਿਆਂ ਲਈ ਫੁੱਟਪਾਥ ਤੇ ਚੱਲਣਾ ਨਾ ਸਿਰਫ਼ ਸਹੂਲਤ ਬਲਕਿ ਇੱਕ ਲੋੜ ਹੈ। ਫੁੱਟਪਾਥ ਸ਼ਹਿਰੀ ਸੜਕਾਂ ਦੀ ਜੀਵਨ ਰੇਖਾ ਹੁੰਦੇ ਹਨ ਪਰ ਲਗਾਤਾਰ ਨਾਜਾਇਜ਼ ਕਬਜ਼ਿਆਂ ਕਾਰਨ ਇਹ ਆਪਣਾ ਮਕਸਦ ਗੁਆ ਰਹੇ ਹਨ। ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਸੁਰੱਖਿਅਤ ਆਵਾਜਾਈ ਇੱਕ ਵੱਡੀ ਚੁਣੌਤੀ ਬਣ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਵੇਲੇ ਸਿਰ ਕਾਰਵਾਈ ਨਾ ਕੀਤੀ ਤਾਂ ਕਿਸੇ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਮੰਗ ਵੱਧਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਮੇਹਰ ਚੰਦ ਰੋਡ ਤੇ ਸਫ਼ਾਈ ਅਤੇ ਨਾਲਾ ਪ੍ਰਬੰਧ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਤਾਂ ਜੋ ਰੇਹੜੀ-ਫੜੀ ਵਿਕਰੇਤਾ ਉੱਥੇ ਸ਼ਿਫਟ ਹੋ ਸਕਣ। ਨਾਲ ਹੀ, ਤ੍ਰਿਮੋ ਰੋਡ ਸਮੇਤ ਪੂਰੇ ਸ਼ਹਿਰ ਵਿੱਚ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ ਅਤੇ ਨਿਯਮਤ ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਉਦੋਂ ਹੀ ਸੜਕਾਂ ਤੇ ਚੱਲਣ ਵਾਲੇ ਆਮ ਲੋਕਾਂ ਦੀ ਜਾਨ ਸੁਰੱਖਿਅਤ ਹੋ ਸਕੇਗੀ ਅਤੇ ਫੁੱਟਪਾਥਾਂ ਦਾ ਸਹੀ ਇਸਤੇਮਾਲ ਹੋ ਸਕੇਗਾ। ਦੂਜੇ ਪਾਸੇ ਮਾਮਲੇ ਬਾਰੇ ਏਡੀਸੀ ਗੁਰਸਿਮਰਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਫੁੱਟਪਾਥਾਂ ਤੋਂ ਕਬਜ਼ੇ ਹਟਾਉਣ ਲਈ ਜਲਦੀ ਹੀ ਇੱਕ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਰੇਹੜੀ-ਫੜੀ ਵਾਲਿਆਂ ਲਈ ਵੱਖਰੀ ਜਗ੍ਹਾ ਦਾ ਪ੍ਰਬੰਧ ਕਰਨ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ ਤਾਂ ਜੋ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ।