28 ਨੂੰ ਮੰਗਾਂ ਹੱਲ ਨਾ ਹੋਈਆਂ ਤਾਂ ਵੱਡੇ ਪੱਧਰ ’ਤੇ ਹੋਵੇਗਾ ਆਰ-ਪਾਰ ਦਾ ਸੰਘਰਸ਼ :ਵਿਸ਼ੇਸ਼ ਅਧਿਆਪਕ ਯੂਨੀਅਨ 28 ਨੂੰ ਮੰਗਾਂ ਹੱਲ ਨਾ ਹੋਈਆਂ ਤਾਂ ਵੱਡੇ ਪੱਧਰ ’ਤੇ ਹੋਵੇਗਾ ਆਰ-ਪਾਰ ਦਾ ਸੰਘਰਸ਼ :ਵਿਸ਼ੇਸ਼ ਅਧਿਆਪਕ ਯੂਨੀਅਨ
Publish Date: Sun, 25 Oct 2026 04:22 PM (IST)
Updated Date: Sun, 25 Oct 2026 04:25 PM (IST)
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਦਿਵਿਆਂਗ ਬੱਚਿਆਂ) ਦਾ ਭਵਿੱਖ ਰੁਸ਼ਨਾਉਣ ਵਾਲੇ ਵਿਸ਼ੇਸ਼ ਅਧਿਆਪਕਾਂ ਨੇ ਹੁਣ ਆਪਣੇ ਹੱਕਾਂ ਲਈ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ। ਵਿਸ਼ੇਸ਼ ਅਧਿਆਪਕ ਯੂਨੀਅਨ ਐਕਸ਼ਨ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਵੱਲੋਂ ਪ੍ਰੈੱਸ ਦੇ ਨਾਂ ਇੱਕ ਅਹਿਮ ਬਿਆਨ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਉਂਦੀ 28 ਤਰੀਕ ਨੂੰ ਮਾਣਯੋਗ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਸਬੰਧਤ ਉੱਚ ਪੱਧਰੀ ਕਮੇਟੀ ਨਾਲ ਹੋਣ ਜਾ ਰਹੀ ਅਹਿਮ ਮੀਟਿੰਗ ਵਿੱਚ ਵਿਸ਼ੇਸ਼ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਦਾ ਕੋਈ ਠੋਸ, ਸਾਰਥਕ ਅਤੇ ਲਿਖਤੀ ਹੱਲ ਨਾ ਨਿਕਲਿਆ, ਤਾਂ ਸਮੁੱਚੇ ਪੰਜਾਬ ਅੰਦਰ ਤਿੱਖੇ ਅਤੇ ਵੱਡੇ ਪੱਧਰ ਤੇ ਐਕਸ਼ਨਾਂ ਰਾਹੀਂ ਸੰਘਰਸ਼ ਦਾ ਬਿਗੁਲ ਫੂਕ ਦਿੱਤਾ ਜਾਵੇਗਾ।ਯੂਨੀਅਨ ਦੇ ਸੂਬਾਈ ਆਗੂਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਆਈਈਆਰਟੀ, ਡੀਐਸਈ ਅਤੇ ਡੀਐਸਈਟੀ ਸ਼੍ਰੇਣੀਆਂ ਦੇ ਇਹ ਵਿਸ਼ੇਸ਼ ਅਧਿਆਪਕ ਪਿਛਲੇ ਲਗਭਗ 20 ਸਾਲਾਂ ਦੇ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਨਿਸ਼ਕਾਮ ਅਤੇ ਨਿਰੰਤਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਪਰ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਦੋ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕਰਨ ਜਾਂ ਇਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਪੂਰੀ ਤਰ੍ਹਾਂ ਥੱਕ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਦੇ ਹੱਥ ਸਿਰਫ਼ ਖ਼ਾਲੀ ਭਰੋਸੇ ਅਤੇ ਲਾਰੇ ਹੀ ਲੱਗੇ ਹਨ। ਅਖੀਰ ਵਿੱਚ ਯੂਨੀਅਨ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਵਿਸ਼ੇਸ਼ ਅਧਿਆਪਕਾਂ ਦੇ ਪਰਿਵਾਰਾਂ ਦੀ ਮਾਲੀ ਹਾਲਤ ਅਤੇ ਉਨ੍ਹਾਂ ਦੇ ਭਵਿੱਖ ਨੂੰ ਗੰਭੀਰਤਾ ਨਾਲ ਲੈਂਦਿਆਂ 28 ਤਰੀਕ ਦੀ ਮੀਟਿੰਗ ਵਿੱਚ ਨਿੱਜੀ ਦਖ਼ਲ ਦੇਣ ਅਤੇ ਕੋਈ ਠੋਸ ਇਨਸਾਫ਼-ਪਸੰਦ ਫ਼ੈਸਲਾ ਲੈਣ। ਇਸ ਮੌਕੇ ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ ਐਕਸ਼ਨ ਕਮੇਟੀ ਦੇ ਵਰਿੰਦਰ ਵੋਹਰਾ, ਗੁਰਮੀਤ ਸਿੰਘ ਮਾਂਗਟ, ਗੁਰਮੀਤ ਸਿੰਘ ਫਾਜ਼ਿਲਕਾ, ਸੁਲੱਖਣ ਸਿੰਘ, ਗੁਰਸੇਬਕ ਕੌਰ, ਰਮੇਸ਼ ਸਹਾਰਨ, ਨੀਰਜ ਕਟੋਚ ਆਦਿ ਹਾਜ਼ਰ ਸਨ।