ਬਟਾਲਾ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਾਂਗਾ : ਅਭਿਨਵ ਸੇਖੜੀ ਬਟਾਲਾ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਾਂਗਾ : ਅਭਿਨਵ ਸੇਖੜੀ
Publish Date: Tue, 17 Nov 2026 05:27 PM (IST)
Updated Date: Tue, 17 Nov 2026 05:30 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਵਿਧਾਨ ਸਭਾ ਹਲਕਾ ਬਟਾਲਾ ਵਿੱਚ ਸਾਬਕਾ ਕੈਬਨਿਟ ਮੰਤਰੀ ਅਸ਼ਵਨੀ ਸੇਖੜੀ ਦੇ ਪੁੱਤਰ ਅਤੇ ਭਾਜਪਾ ਯੂਥ ਆਗੂ ਅਭਿਨਵ ਸੇਖੜੀ ਦੀਆਂ ਲਗਾਤਾਰ ਵਧ ਰਹੀਆਂ ਸਰਗਰਮੀਆਂ ਸਿਆਸੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸੇ ਲੜੀ ਤਹਿਤ ਅਭਿਨਵ ਸੇਖੜੀ ਆਪਣੇ ਸਾਥੀਆਂ ਸਮੇਤ ਬਟਾਲਾ ਦੀ ਗਊਸ਼ਾਲਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਗਊ ਪੂਜਨ ਕਰਕੇ ਗੋਪ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਅਤੇ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਅਜੇ ਰਿਸ਼ੀ ਰਿੰਕੂ, ਰਕੇਸ਼ ਸੋਢੀ, ਰਕੇਸ਼ ਮਹਿਰਾ, ਰਾਹੁਲ, ਰਾਹੁਲ ਵਰਮਾ, ਪ੍ਰੇਮ ਬੀਕਾਨੇਰ (ਸਾਬਕਾ ਭਾਜਪਾ ਇੰਡਸਟਰੀ ਸੈੱਲ ਉਪ ਪ੍ਰਧਾਨ ਪੰਜਾਬ), ਅਸ਼ਵਨੀ ਮਲਹੋਤਰਾ ਸਮੇਤ ਹੋਰ ਸਾਥੀ ਵੀ ਮੌਜੂਦ ਸਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਅਸ਼ਵਨੀ ਸੇਖੜੀ ਨੇ ਲੰਬੇ ਸਮੇਂ ਤੱਕ ਬਟਾਲਾ ਵਾਸੀਆਂ ਦੀ ਸੇਵਾ ਕੀਤੀ ਹੈ ਅਤੇ ਉਹ ਵੀ ਇਸੇ ਪਰੰਪਰਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਾ ਵੱਡਾ ਫਤਵਾ ਦੇ ਕੇ ਬਦਲਾਅ ਦੀ ਉਮੀਦ ਜਤਾਈ ਸੀ, ਪਰ ਉਨ੍ਹਾਂ ਦੇ ਵਿਚਾਰ ਅਨੁਸਾਰ ਪੰਜਾਬ ਅਤੇ ਬਟਾਲਾ ਦੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ। 2027 ਦੀਆਂ ਚੋਣਾਂ ਸਬੰਧੀ ਆਪਣੀਆਂ ਸਰਗਰਮੀਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਬਟਾਲਾ ਆਉਂਦੇ ਹਨ ਅਤੇ ਫਾਊਂਡੇਸ਼ਨ ਰਾਹੀਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਭਵਿੱਖ ਵਿੱਚ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਅੰਤ ਵਿੱਚ ਅਭਿਨਵ ਸੇਖੜੀ ਨੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਲੱਗਣ ਵਾਲੇ ਨੌਵੀਂ-ਦਸਵੀਂ ਦੇ ਪਵਿੱਤਰ ਮੇਲੇ ਦੀਆਂ ਵਧਾਈ ਦਿੱਤੀ।