ਪੁਰਾਣੀ ਰੰਜਿਸ਼ ਤਹਿਤ ਇੱਕੋ ਰਾਤ ਘਰ ’ਤੇ ਦੋ ਵਾਰ ਹਮਲਾ, ਗੋਲੀ ਚਲਾਉਣ ਦੀ ਕੀਤੀ ਕੋਸ਼ਿਸ਼ ਕਾਹਨੂੰਵਾਨ ਵਿੱਚ ਪੁਰਾਣੀ ਰੰਜਿਸ਼ ਤਹਿਤ ਇੱਕੋ ਰਾਤ ਘਰ ਉੱਤੇ ਦੋ ਵਾਰ ਹਮਲਾ, ਗੋਲੀ ਚਲਾਉਣ ਦੀ ਕੀਤੀ ਕੋਸ਼ਿਸ਼
Publish Date: Sat, 18 Jul 2026 03:35 PM (IST)
Updated Date: Sat, 18 Jul 2026 03:37 PM (IST)
ਉਮੇਸ਼ ਅੱਤਰੀ, ਪੰਜਾਬੀ ਜਾਗਰਣ ਕਾਹਨੂੰਵਾਨ : ਸ਼ੁੱਕਰਵਾਰ ਦੀ ਦੇਰ ਰਾਤ ਕਸਬਾ ਕਾਹਨੂੰਵਾਨ ਦੇ ਗੁਰੂ ਨਾਨਕ ਨਗਰ ਮੁਹੱਲੇ ਵਿੱਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਸ ਮੁਹੱਲੇ ਵਿੱਚ ਰਹਿਣ ਵਾਲੇ ਮਹੰਤਾਂ ਦੇ ਘਰ ਉੱਤੇ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਨੇ ਗੋਲੀ ਚਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਕਾਰਨਾਂ ਕਰ ਕੇ ਗੋਲੀ ਨਾ ਚੱਲ ਸਕੀ। ਇਸ ਤੋਂ ਬਾਅਦ ਹਮਲਾਵਰਾਂ ਨੇ ਘਰ ਦੇ ਮੁੱਖ ਗੇਟ, ਜਨਰੇਟਰ ਅਤੇ ਸਕੂਟੀ ਗੱਡੀਆਂ ਦੀ ਭੰਨਤੋੜ ਕਰ ਦਿੱਤੀ। ਪਾਸਟਰ ਵਿਕ੍ਰਮ ਇਮੈਨੁਅਲ ਦੇ ਭਰਾ ਗਗਨਦੀਪ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨਾਲ ਰਹਿਣ ਵਾਲੇ ਸਾਵਰ ਨੂੰ ਦੂਜੇ ਗੁੱਟ ਵੱਲੋਂ ਫੋਨ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਧਮਕੀ ਦੇਣ ਤੋਂ ਬਾਅਦ ਰਾਤ ਕਰੀਬ ਨੌਂ ਵਜੇ ਹਮਲਾਵਰ ਉਨ੍ਹਾਂ ਦੇ ਘਰ ਦੇ ਨੇੜੇ ਪਹੁੰਚੇ ਅਤੇ ਰੌਲਾ ਪਾਉਣ ਲੱਗੇ। ਜਦੋਂ ਹਮਲਾਵਰ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੇ ਦੁਬਾਰਾ ਰਾਤ ਦੋ ਵਜੇ ਘਰ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਘਰ ਤੋਂ ਬਾਹਰ ਨਿਕਲੇ ਤਾਂ ਹਮਲਾਵਰਾਂ ਨੇ ਪਾਸਟਰ ਵਿਕ੍ਰਮ ਇਮੈਨੁਅਲ ਅਤੇ ਸਾਬਰ ਮਸੀਹ ਨੂੰ ਗੋਲੀ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਕਾਰਨ ਗੋਲੀ ਨਾ ਚੱਲੀ। ਇਸ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਪਾਸਟਰ ਵਿਕ੍ਰਮ ਇਮੈਨੁਅਲ ਨੇ ਮਿਲ ਕੇ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ, ਪਰ ਉਸ ਕੋਲੋਂ ਹਮਲਾਵਰ ਪਿਸਤੌਲ ਖੋਹ ਕੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ, ਸਕੂਟਰੀ, ਘਰ ਦੇ ਗੇਟ, ਜਨਰੇਟਰ ਅਤੇ ਇੱਕ ਹੋਰ ਵਾਹਨ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਹਮਲਾਵਰ ਧਿਰ ਦਾ ਇੱਕ ਮੁਲਜ਼ਮ ਮਹੰਤਾਂ ਕੋਲ ਕੰਮ ਕਰਦਾ ਸੀ। ਉਸ ਦੀ ਮਹੰਤਾਂ ਨਾਲ ਕੰਮ ਕਰਦੇ ਇੱਕ ਹੋਰ ਨੌਜਵਾਨ ਸਾਬਰ ਮਸੀਹ ਨਾਲ ਕਿਸੇ ਗੱਲੋਂ ਰੰਜਿਸ਼ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਕੰਮ ਤੋਂ ਹਟਾ ਦਿੱਤਾ ਸੀ। ਇਸੇ ਰੰਜਿਸ਼ ਤਹਿਤ ਉਨ੍ਹਾਂ ਦੇ ਘਰ ਉੱਤੇ ਇਹ ਹਮਲਾ ਕੀਤਾ ਗਿਆ ਹੈ।