- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
22–23 ਜੁਲਾਈ ਨੂੰ ਸਜੇਗਾ ਇਤਿਹਾਸਕ ਛਿੰਝ ਮੇਲਾ

ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ
ਕਿਲਾ ਲਾਲ ਸਿੰਘ : ਬਟਾਲਾ-ਕਲਾਨੌਰ ਮਾਰਗ ’ਤੇ ਸਥਿਤ ਇਤਿਹਾਸਕ ਪਿੰਡ ਭਾਗੋਵਾਲ ਇੱਕ ਵਾਰ ਫਿਰ ਆਪਣੇ ਸਦੀਆਂ ਪੁਰਾਣੇ ਛਿੰਝ ਮੇਲੇ ਨੂੰ ਲੈ ਕੇ ਚਰਚਾ ਵਿੱਚ ਹੈ। 22 ਅਤੇ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਇਹ ਮੇਲਾ ਨਾ ਸਿਰਫ਼ ਪੰਜਾਬ ਦੀ ਪਹਿਲਵਾਨੀ ਪਰੰਪਰਾ ਨੂੰ ਜੀਵੰਤ ਰੱਖਦਾ ਹੈ, ਸਗੋਂ ਭਾਈਚਾਰਕ ਸਾਂਝ, ਪੰਜਾਬੀ ਸੱਭਿਆਚਾਰ ਅਤੇ ਖੇਡਾਂ ਦਾ ਵੀ ਸ਼ਾਨਦਾਰ ਪ੍ਰਤੀਕ ਬਣ ਚੁੱਕਾ ਹੈ। ਲਗਭਗ 10 ਹਜ਼ਾਰ ਤੋਂ ਵੱਧ ਆਬਾਦੀ ਵਾਲਾ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਿੰਡ ਦਾ ਨਾਮ ਰਾਜਾ ਸਲਵਾਨ ਦੀ ਕੁਲ ਨਾਲ ਸਬੰਧਿਤ ਭਾਗੂ ਦੇ ਨਾਮ ’ਤੇ ਪਿਆ। 16 ਪੱਤੀਆਂ ਵਿੱਚ ਵੰਡਿਆ ਇਹ ਪਿੰਡ ਇਤਿਹਾਸ, ਸੱਭਿਆਚਾਰ ਅਤੇ ਸਮਾਜਿਕ ਏਕਤਾ ਦੀ ਵਿਲੱਖਣ ਪਛਾਣ ਰੱਖਦਾ ਹੈ। ਭਾਗੋਵਾਲ ਦੀ ਸਭ ਤੋਂ ਵੱਡੀ ਪਛਾਣ ਇਸ ਦੇ ਮਹਾਨ ਪਹਿਲਵਾਨ ਹਨ। ਇਸ ਧਰਤੀ ਨੇ ਰੁਸਤਮ-ਏ-ਹਿੰਦ ਸਵਰਨ ਸਿੰਘ ਕੋਲਾ ਪਹਿਲਵਾਨ ਵਰਗਾ ਮਹਾਨ ਖਿਡਾਰੀ ਪੈਦਾ ਕੀਤਾ, ਜਿਸ ਨੇ ਦੇਸ਼-ਵਿਦੇਸ਼ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਸਾਵਣ ਸਿੰਘ, ਸਾਈ ਪਿਆਰਾ ਸਿੰਘ, ਮਹਿੰਦਰ ਸਿੰਘ, ਹਰਦੇਵ ਸਿੰਘ ਦੇਬਾ, ਬਾਬਾ ਗੁਰਮੀਤ ਸਿੰਘ ਅਤੇ ਮੌਜੂਦਾ ਸਮੇਂ ਦੇ ਅਰਸ਼ ਪਹਿਲਵਾਨ ਨੇ ਵੀ ਪਹਿਲਵਾਨੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਕਬੱਡੀ ਦੇ ਖੇਤਰ ਵਿੱਚ ਗੁੱਗੂ ਅਤੇ ਅਮੋਲਕ ਅੰਤਰਰਾਸ਼ਟਰੀ ਪੱਧਰ ’ਤੇ ਭਾਗੋਵਾਲ ਦਾ ਮਾਣ ਵਧਾ ਰਹੇ ਹਨ। ਧਾਰਮਿਕ ਅਤੇ ਸਮਾਜਿਕ ਸਾਂਝ ਦੇ ਮਾਮਲੇ ਵਿੱਚ ਵੀ ਭਾਗੋਵਾਲ ਇੱਕ ਮਿਸਾਲ ਹੈ। ਪਿੰਡ ਵਿੱਚ ਉਦਾਸੀ ਮਹਾਂਪੁਰਖ ਬਾਬਾ ਗੁਰੀਆ ਜੀ ਦਾ ਅਸਥਾਨ ਅਤੇ ਵਲੀ ਅੱਲਾ ਬਾਬਾ ਮੁਤੈਰ ਸ਼ਾਹ ਜੀ ਦੀ ਮਜ਼ਾਰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਬਾਬਾ ਮੁਤੈਰ ਸ਼ਾਹ ਜੀ ਦੇ ਨਾਮ 'ਤੇ ਹੀ ਹਰ ਸਾਲ ਇਤਿਹਾਸਕ ਛਿੰਝ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬ ਸਮੇਤ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕ ਸ਼ਿਰਕਤ ਕਰਦੇ ਹਨ। ਸਿੱਖਿਆ ਦੇ ਖੇਤਰ ਵਿੱਚ ਵੀ ਭਾਗੋਵਾਲ ਨੇ ਵੱਡਾ ਯੋਗਦਾਨ ਦਿੱਤਾ ਹੈ। ਖਾਲਸਾ ਹਾਈ ਸਕੂਲ ਅਤੇ ਸ੍ਰੀਮਤੀ ਲੀਲਾਵੰਤੀ ਬੀਜੀ ਮਾਡਲ ਸਕੂਲ ਨੇ ਅਨੇਕਾਂ ਹੋਣਹਾਰ ਵਿਦਿਆਰਥੀ ਤਿਆਰ ਕੀਤੇ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਾਲ ਦੇ ਮੇਲੇ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਮੇਲਾ ਕਮੇਟੀ ਅਤੇ ਸ਼ੇਰੇ ਪੰਜਾਬ ਯੂਥ ਕਲੱਬ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਨੌਜਵਾਨਾਂ ਨੇ ਕਰੀਬ 35 ਫੁੱਟ ਉੱਚੇ ਟਿੱਬੇ ਨੂੰ ਸਮਤਲ ਕਰਕੇ ਵਿਸ਼ਾਲ ਖੇਡ ਮੈਦਾਨ ਤਿਆਰ ਕੀਤਾ ਹੈ, ਜਿੱਥੇ ਰੁਮਾਲੀ ਕੁਸ਼ਤੀ, ਕਬੱਡੀ ਅਤੇ ਹੋਰ ਖੇਡਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਨਾਲ ਹੀ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ।
ਮੇਲਾ ਕਮੇਟੀ ਦੇ ਮੁੱਖ ਪ੍ਰਬੰਧਕ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਪਲਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਮੇਲੇ ਨੂੰ ਸਫਲ ਬਣਾਉਣ ਲਈ ਸਮੂਹ ਪਿੰਡ ਵਾਸੀ ਪੂਰੇ ਜੋਸ਼ ਨਾਲ ਤਿਆਰੀਆਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨਾਲ ਮੇਲੇ ਦੀਆਂ ਤਿਆਰੀਆਂ ਵਿੱਚ ਸਾਬਕਾ ਮਾਰਕੀਟ ਕਮੇਟੀ ਡਾਇਰੈਕਟਰ ਸਤਨਾਮ ਸਿੰਘ ਹੈਪੀ, ਮਾਸਟਰ ਜਸਬੀਰ ਸਿੰਘ, ਸਰਪੰਚ ਗੁਰਭੇਜ ਸਿੰਘ ਭੇਜਾ, ਦਿਲਬਾਗ ਸਿੰਘ ਸ਼ਾਹ, ਸਰਪੰਚ ਲਵਲੀ ਪੰਨੂ, ਗੁਰਪ੍ਰੀਤ ਸਿੰਘ ਕਾਨਪੁਰੀ, ਤਰਲੋਚਨ ਸਿੰਘ, ਸਾਬਕਾ ਸਰਪੰਚ ਦਿਲਰਾਜ ਸਿੰਘ, ਸਾਬਕਾ ਸਰਪੰਚ ਬਲਰਾਜ ਸਿੰਘ, ਪੰਚ ਮੁਗੇਸ਼ ਕੁਮਾਰ ਅਤੇ ਡਾ. ਮਨਦੀਪ ਸਿੰਘ ਸਮੇਤ ਮੇਲਾ ਕਮੇਟੀ ਦੇ ਮੈਂਬਰ ਅਤੇ ਪਿੰਡ ਵਾਸੀ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਮੇਲਾ ਕਮੇਟੀ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 22 ਅਤੇ 23 ਜੁਲਾਈ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਤਿਹਾਸਕ ਛਿੰਝ ਮੇਲੇ ਦਾ ਆਨੰਦ ਮਾਣਣ ਅਤੇ ਪੰਜਾਬ ਦੀ ਅਮੀਰ ਵਿਰਾਸਤ, ਪਹਿਲਵਾਨੀ ਅਤੇ ਸੱਭਿਆਚਾਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।